30.05.2026
ਪਿਛਲੇ ਸਾਲ ਮੋਹਿਨੀ ਰਸੀਲਾ ਸਦੀਵੀ ਵਿਛੋੜਾ ਦੇ ਗਈ ਸੀ। ਉਸ ਦੀ ਯਾਦ ਵਿੱਚ ਅੱਜ ਉਸ ਦੇ ਪਰਿਵਾਰ ਵੱਲੋਂ ਕਲਾਨੌਰ ਨੇੜੇ ਪਿੰਡ ਖੁਸ਼ੀਪੁਰ(ਗੁਰਦਾਸਪੁਰ) ਵਿੱਚ ਪਹਿਲਾ ਮੋਹਿਨੀ ਰਸੀਲਾ ਯਾਦਗਾਰੀ ਮੇਲਾ ਲਾਇਆ ਗਿਆ। ਇਸ ਵਿੱਚ ਮਾਝੇ ਦੇ ਲਗਪਗ ਸਭ ਸਿਰਕੱਢ ਗਾਇਕ ਸ਼ਾਮਲ ਹੋਏ। ਮੋਹਿਨੀ ਰਸੀਲਾ ਬਾਰੇ ਰਾਜਪਾਲ ਸਿੰਘ ਬਾਠ ਵੱਲੋਂ ਸੰਪਾਦਿਤ ਕਿਤਾਬ “ਸੁਰਾਂ ਦੀ ਨਜ਼ਮ “ ਇਸ ਮੌਕੇ ਗੁਰਮੀਤ ਸਿੰਘ ਬਾਜਵਾ ਨੇ ਪਤਵੰਤੇ ਸੱਜਣਾਂ ਤੋਂ ਲੋਕ ਅਰਪਨ ਕਰਵਾਈ। ਮੁਬਾਰਕ ਕਦਮ ਹੈ। ਯਾਦ ਰੱਖਣ ਲਈ ਕਿਤਾਬ ਤੋਂ ਵੱਡਾ ਹੋਰ ਕੋਈ ਸਾਧਨ ਨਹੀਂ। ਰਛਪਾਲ ਰਸੀਲਾ ਇਸ ਉੱਦਮ ਲਈ ਮੁਬਾਰਕ ਦਾ ਹੱਕਦਾਰ ਹੈ।
ਹੁਣ ਮੈਥੋਂ ਪੁੱਛੋ ਮੋਹਿਨੀ ਰਸੀਲਾ ਕੌਣ ਸੀ?
ਰਾਵੀ ਦਰਿਆ ਦੇ ਉਰਵਾਰ ਪਾਰ ਸ਼ਬਦ ਸੁਰ ਸੰਗੀਤ ਤੇ ਲਿਆਕਤ ਦੀ ਭਰਪੂਰ ਫ਼ਸਲ ਉੁੱਗਦੀ ਹੈ। 1947 ਤੋਂ ਪਹਿਲਾਂ ਜਦ ਵਤਨ ਇੱਕ ਹੀ ਸੀ ਤਾਂ ਦਰਿਆਉਂ ਆਰ ਪਾਰ ਗਵੱਈਏ ਅਕਸਰ ਆਉਂਦੇ ਜਾਂਦੇ। ਬਹੁਤੇ ਗਾਇਕ ਮਰਦ ਹੁੰਦੇ। ਔਰਤਾਂ ਗਾਉਂਦੀਆਂ ਸਨ ਪਰ ਘਰ ਦੀ ਚਾਰਦੀਵਾਰੀ ਦੇ ਅੰਦਰ ਅੰਦਰ ਹੀ। ਤ੍ਰਿੰਝਣ ਵਿੱਚ ਚਰਖੇ ਕੱਤਣ ਵੇਲੇ ਜਾਂ ਵਿਆਹ ਸ਼ਾਦੀਆਂ ਵਿੱਚ ਗਾਉਣ ਬਿਠਾਉਣ ਵੇਲੇ। ਲੰਮੀ ਹੇਕ ਦੇ ਗੀਤ ਸਰਦਾਰੀ ਕਰਦੇ। ਨਿੱਕੇ ਹੁੰਦਿਆਂ ਮੈਂ ਆਪਣੀਆਂ ਤਾਇਆ ਜੀ ਦੀਆਂ ਧੀਆਂ ਭੈਣ ਜੀਤੋ ਤੇ ਭੈਣ ਵੀਰੋ ਨੂੰ ਸਿਰ ਜੋੜ ਕੇ ਗਾਉਂਦੀਆਂ ਸੁਣਿਆ ਹੋਇਆ ਹੈ। ਭੈਣ ਵੀਰੋ ਦੀ ਵਜਾਈ ਪਿੱਤਲ ਦੀ ਗਾਗਰ ਹੁਣ ਵੀ ਬਹੁਤ ਵਾਰ ਸੁਪਨਿਆਂ ਵਿੱਚ ਵੱਜਦੀ ਸੁਣਾਈ ਦਿੰਦੀ ਹੈ।
ਘੜਾ ਵੱਜਦਾ ਘੜੋਲੀ ਵੱਜਦੀ
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ
ਹੁਣ ਗਾਗਰ ਕਿਤੇ ਨਹੀਂ ਸੁਣਦੀ। ਇਹ ਘਰ ਦੇ ਭਾਂਡਿਆਂ ਵਿੱਚੋਂ ਵੀ ਗੈਰਹਾਜ਼ਰ ਹੋ ਗਈ ਹੈ ਤੇ ਸਾਜ਼ਾਂ ਵਿੱਚੋਂ ਵੀ। ਕਿੰਨਾ ਸੋਨਾ ਰੇਤ ਵਿੱਚ ਰਲ਼ ਕੇ ਮਿੱਟੀ ਹੋ ਗਿਆ, ਲਗਾਤਾਰ ਲੋਕ ਸਾਜ਼ ਵੀ ਅਲੋਪ ਹੋ ਰਹੇ ਹਨ।
ਏਦਾਂ ਹੀ ਲੋਕ ਰੰਗ ਗਾਉਣ ਤੇ ਲਿਖਣ ਵਾਲੇ ਮਰ ਮੁੱਕ ਰਹੇ ਨੇ। ਸੋਨੇ ਦੀਆਂ ਡਲ਼ੀਆਂ ਵਰਗੇ ਗਵੱਈਏ। ਢਾਡੀ ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਚਾੜ੍ਹ ਭੱਟੀ, ਗੁਰਚਰਨ ਸਿੰਘ ਗੋਹਲਵੜ, ਮੂਲਾ ਸਿੰਘ ਪਾਖਰਪੁਰੀ, ਕਵੀਸ਼ਰ ਜੋਗਾ ਸਿੰਘ ਜੋਗੀ, ਕੁਲਵੰਤ ਸਿੰਘ ਬੀ ਏ, ਬਲਦੇਵ ਸਿੰਘ ਬੈਂਕਾ ਤੇ ਕਿੰਨੇ ਹੋਰ। ਲੋਕ ਗਾਇਕ ਦੇਵਿੰਦਰ ਸਿੰਘ ਨਬੀਪੁਰ , ਅਮਰਜੀਤ ਗੁਰਦਾਸਪੁਰੀ, ਸਾਡੇ ਪਿੰਡ ਬਸੰਤਕੋਟ ਵਾਲਾ ਹਰਦੇਵ ਸਿੰਘ ਖੁਸ਼ਦਿਲ, ਜਸਬੀਰ ਖੁਸ਼ਦਿਲ ਖੇਲਿਆਂ ਵਾਲਾ, ਗਿਆਨ ਸਿੰਘ ਕੰਵਲ, ਜਾਗੀਰ ਸਿੰਘ ਤਾਲਿਬ,ਅਮਰੀਕ ਸਿੰਘ ਹਰਗੋਬਿੰਦਪੁਰੀ, ਲਖਬੀਰ ਸਿੰਘ ਲੱਖਾ ਭਰਥ ਕਿੱਥੋ ਲੱਭਣੇ ਨੇ ਲਾਲ ਗੁਆਚੇ।
ਮਾਝੇ ਦੀਆਂ ਸੁਰੀਲੀਆਂ ਧੀਆਂ ਵਿੱਚ ਜੋਗਿੰਦਰ ਅਰੋੜਾ, ਗੁਰਮੀਤ ਬਾਵਾ, ਪ੍ਰੀਤੀ ਬਾਲਾ ਤੇ ਮੋਹਿਨੀ ਰਸੀਲਾ ਵੀ ਦੂਰ ਦੇਸ਼ ਚਲੀਆਂ ਗਈਆਂ, ਜਿੱਥੋਂ ਜਾ ਕੇ ਕੋਈ ਨਹੀਂ ਪਰਤਿਆ।
ਅਮਰਜੀਤ ਗੁਰਦਾਪੁਰੀ ਅਕਸਰ ਕਹਿੰਦੇ ਹੁੰਦੇ ਸਨ ਕਿ ਮਾਝੇ ਦੀ ਗਾਇਕੀ ਦਾ ਰੰਗ ਢੰਗ ਮਰਦਾਵਾਂ ਤੇ ਸੁਰੀਲਾ ਹੋਣ ਦਾ ਕਾਰਨ ਰਾਵੀ ਦਾ ਪਾਣੀ ਪੀਣਾ ਹੈ।
ਰਾਵੀ ਨਦੀ ਧਰਤੀ ਦੀ ਸੁਰੀਲੀ ਧੀ ਹੈ। ਤੁਰਦੀ ਦਾ ਲੱਕ ਵੀ ਹਚਕੋਲੇ ਤੇ ਹੁਲਾਰੇ ਖਾਂਦਾ ਹੈ। ਕਾਨੇ ਤਾਰੀਆਂ ਦੇ ਬੁੰਬਲ ਵੀ ਇਸ ਦੇ ਕੰਢੇ ਵਗਦੀ ਹਵਾ ਨਾਲ ਅਲਾਪ ਲੈਂਦੇ ਹਨ।
ਇਨ੍ਹਾਂ ਵਿੱਚੋਂ ਹੀ ਰਾਵੀ ਦੀ ਧੀ ਸੋਨੇ ਦੀ ਕਣੀ ਵਰਗੀ ਮਾਝੇ ਦੀ ਜਾਈ ਸੀ ਮੋਹਿਨੀ ਰਸੀਲਾ।








