ਕੁਰੂਕਸ਼ੇਤਰ : ਹਰਿਆਣਾ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਬਜ਼ੁਰਗ ਸ਼ਰਧਾਲੂਆਂ ਨੂੰ ਸੋਮਨਾਥ ਟੈਪਲ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ। ਇਹ ਵਿਸ਼ੇਸ਼ ਯਾਤਰਾ 8 ਜੂਨ ਨੂੰ “ਸੋਮਨਾਥ ਸਵਾਭਿਮਾਨ ਪਰਵ” ਅਤੇ ਮੰਦਰ ਦੇ ਪੁਨਰਨਿਰਮਾਣ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਸ਼ੁਰੂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੁਰੂਕਸ਼ੇਤਰ ਤੋਂ ਵਿਸ਼ੇਸ਼ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਯਾਤਰਾ ਦੌਰਾਨ ਰਹਿਣ-ਸਹਿਣ, ਭੋਜਨ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਸਾਰਾ ਖਰਚਾ ਹਰਿਆਣਾ ਸਰਕਾਰ ਵੱਲੋਂ ਭਰਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇੱਛੁਕ ਅਤੇ ਯੋਗ ਸ਼ਰਧਾਲੂ 6 ਜੂਨ ਤੱਕ ਸਰਲ ਹਰਿਆਣਾ ਪੋਰਟਲ ਰਾਹੀਂ ਅਰਜ਼ੀ ਦੇ ਸਕਦੇ ਹਨ। ਚੋਣ ਪ੍ਰਕਿਰਿਆ “ਪਹਿਲਾਂ ਆਓ, ਪਹਿਲਾਂ ਪਾਓ” ਦੇ ਆਧਾਰ ’ਤੇ ਹੋਵੇਗੀ।
ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਦੀ ਉਮਰ ਘੱਟੋ-ਘੱਟ 60 ਸਾਲ ਹੋਣੀ ਚਾਹੀਦੀ ਹੈ ਅਤੇ ਪਰਿਵਾਰ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੋਣੀ ਲਾਜ਼ਮੀ ਹੈ। ਨਾਲ ਹੀ, ਕੋਈ ਵੀ ਵਿਅਕਤੀ ਤਿੰਨ ਸਾਲਾਂ ਵਿੱਚ ਸਿਰਫ਼ ਇੱਕ ਵਾਰ ਹੀ ਇਸ ਯੋਜਨਾ ਦਾ ਲਾਭ ਲੈ ਸਕੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਰਜਿਸਟਰਡ ਲਾਭਪਾਤਰੀਆਂ ਨੂੰ 6 ਜੂਨ ਤੱਕ ਮਿੰਨੀ ਸਕੱਤਰੇਤ ਸਥਿਤ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਦਫ਼ਤਰ ਵਿੱਚ ਆਪਣੇ ਵੇਰਵੇ ਜਮ੍ਹਾਂ ਕਰਵਾਉਣੇ ਹੋਣਗੇ। ਅਰਜ਼ੀ ਲਈ ਵੈਧ ਫੋਟੋ ਆਈ.ਡੀ., ਪਰਿਵਾਰ ਪਛਾਣ ਪੱਤਰ (PPP), ਫਿਟਨੈੱਸ ਸਰਟੀਫਿਕੇਟ ਅਤੇ ਸਵੈ-ਘੋਸ਼ਣਾ ਪੱਤਰ ਲਾਜ਼ਮੀ ਹੋਵੇਗਾ। ਨਾਲ ਹੀ ਬਿਨੈਕਾਰ ਦਾ ਹਰਿਆਣਾ ਦਾ ਨਿਵਾਸੀ ਹੋਣਾ ਵੀ ਜਰੂਰੀ ਹੈ।








