ਪਟਿਆਲਾ : ਪਟਿਆਲਾ ਦੇ ਪਿੰਡ ਰੋੜਗੜ੍ਹ ਵਿਖੇ ਅੱਜ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਯੋਜਨਾ “ਮੇਰਾ ਘਰ ਮੇਰੇ ਨਾਮ” ਤਹਿਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪੇ ਅਤੇ ਲਾਭਪਾਤਰੀਆਂ ਨੂੰ ਮਲਕੀਅਤ ਦੇ ਦਸਤਾਵੇਜ਼ ਵੰਡੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ “ਮੇਰਾ ਘਰ ਮੇਰੇ ਨਾਮ” ਯੋਜਨਾ ਪੰਜਾਬ ਸਰਕਾਰ ਦੀ ਇੱਕ ਇਤਿਹਾਸਕ ਅਤੇ ਲੋਕ-ਕੇਂਦਰਿਤ ਪਹਿਲ ਹੈ, ਜਿਸ ਦਾ ਮਕਸਦ ਉਹਨਾਂ ਲੋਕਾਂ ਨੂੰ ਕਾਨੂੰਨੀ ਮਾਲਕਾਨਾ ਹੱਕ ਪ੍ਰਦਾਨ ਕਰਨਾ ਹੈ ਜੋ ਕਈ ਪੀੜੀਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਪਰ ਕਾਨੂੰਨੀ ਦਸਤਾਵੇਜ਼ਾਂ ਤੋਂ ਵਾਂਝੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਉਹਨਾਂ ਦੇ ਹੱਕ ਦੇਣ ਅਤੇ ਪ੍ਰਸ਼ਾਸਨਿਕ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਅਮਲ ਵਿੱਚ ਲਿਆਂਦੀ ਗਈ ਹੈ। ਘਰਾਂ ਦਾ ਵਿਸਥਾਰਪੂਰਵਕ ਸਰਵੇ, ਰਿਕਾਰਡ ਦੀ ਜਾਂਚ ਅਤੇ ਵੇਰੀਫਿਕੇਸ਼ਨ ਤੋਂ ਬਾਅਦ ਹੀ ਯੋਗ ਪਰਿਵਾਰਾਂ ਨੂੰ ਮਲਕੀਅਤ ਦੇ ਅਧਿਕਾਰ ਦਿੱਤੇ ਗਏ ਹਨ। ਇਸ ਨਾਲ ਹੁਣ ਲੋਕਾਂ ਨੂੰ ਨਾ ਸਿਰਫ ਕਾਨੂੰਨੀ ਸੁਰੱਖਿਆ ਮਿਲੇਗੀ, ਸਗੋਂ ਉਹ ਆਪਣੇ
ਘਰਾਂ ਨਾਲ ਜੁੜੀਆਂ ਹੋਰ ਸਰਕਾਰੀ ਸਹੂਲਤਾਂ ਅਤੇ ਯੋਜਨਾਵਾਂ ਦਾ ਵੀ ਆਸਾਨੀ ਨਾਲ ਲਾਭ ਲੈ ਸਕਣਗੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਪਿੰਡਾਂ ਦੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ। ਕਈ ਪਰਿਵਾਰ ਦਹਾਕਿਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਪਰ ਮਾਲਕਾਨਾ ਹੱਕ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਸਨ। ਹੁਣ ਸਰਕਾਰ ਵੱਲੋਂ ਜਾਰੀ ਕੀਤੇ ਗਏ ਮਲਕੀਅਤ ਪੱਤਰਾਂ ਨਾਲ ਉਹਨਾਂ ਨੂੰ ਕਾਨੂੰਨੀ ਤੌਰ ‘ਤੇ ਆਪਣੇ ਘਰਾਂ ਦਾ ਅਧਿਕਾਰ ਮਿਲ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ ਵਾਅਦੇ ਨਹੀਂ ਕਰਦੀ, ਸਗੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਜ਼ਮੀਨੀ ਪੱਧਰ ‘ਤੇ ਪੂਰਾ ਵੀ ਕਰ ਰਹੀ ਹੈ। ਸਰਕਾਰ ਵੱਲੋਂ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਲਾਭਪਾਤਰੀ ਪਰਿਵਾਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ “ਮੇਰਾ ਘਰ ਮੇਰੇ ਨਾਮ” ਯੋਜਨਾ ਨੇ ਉਹਨਾਂ ਨੂੰ ਇੱਕ ਨਵੀਂ ਪਹਿਚਾਣ ਅਤੇ ਸੁਰੱਖਿਆ ਦੀ ਭਾਵਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੇ ਘਰਾਂ ਦੇ ਅਸਲੀ ਮਾਲਕ ਬਣੇ ਹਨ, ਜਿਸ ਨਾਲ ਉਹਨਾਂ ਦਾ ਭਵਿੱਖ ਹੋਰ ਮਜ਼ਬੂਤ ਹੋਵੇਗਾ।
ਸਮਾਗਮ ਦੌਰਾਨ ਤਹਿਸੀਲਦਾਰ ਗੌਰਵ ਬਾਂਸਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।








