Home Punjab ਜਲੰਧਰ ‘ਚ ਲਗਾਤਾਰ ਪਾਵਰ ਕੱਟ, ਲੋਕ ਪਰੇਸ਼ਾਨ

ਜਲੰਧਰ ‘ਚ ਲਗਾਤਾਰ ਪਾਵਰ ਕੱਟ, ਲੋਕ ਪਰੇਸ਼ਾਨ

0
28

ਜਲੰਧਰ: ਪੰਜਾਬ ਵਿੱਚ ਗਰਮੀ ਦੀ ਸ਼ੁਰੂਆਤ ਨਾਲ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਲਗਾਤਾਰ ਬਿਜਲੀ ਕੱਟ ਕੀਤੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਲਗਭਗ ਹਰ ਇਲਾਕੇ ਵਿੱਚ ਦਿਨ ਵਿੱਚ 3 ਤੋਂ 4 ਵਾਰ ਬਿਜਲੀ ਗਾਇਬ ਹੋ ਰਹੀ ਹੈ, ਜੋ ਕਦੇ ਅੱਧੇ ਘੰਟੇ ਲਈ ਤਾਂ ਕਦੇ 2 ਤੋਂ 3 ਘੰਟੇ ਤੱਕ ਰਹਿੰਦੀ ਹੈ।

ਪਾਵਰਕਾਮ ਦੇ ਇੰਜੀਨੀਅਰਾਂ ਮੁਤਾਬਕ, ਗਰਮੀਆਂ ਦੇ ਮੌਸਮ ਕਾਰਨ ਮੁਰੰਮਤ ਅਤੇ ਅੱਪਗ੍ਰੇਡੇਸ਼ਨ ਦੇ ਕੰਮ ਚੱਲ ਰਹੇ ਹਨ, ਜਿਸ ਕਰਕੇ 30 ਅਪ੍ਰੈਲ ਤੱਕ ਇਹ ਬਿਜਲੀ ਕੱਟ ਜਾਰੀ ਰਹਿਣਗੇ। 25 ਅਪ੍ਰੈਲ ਤੱਕ ਜਾਰੀ ਕੀਤੀ ਸਮਾਂ-ਸਾਰਣੀ ਅਨੁਸਾਰ, ਲੋਕਾਂ ਨੂੰ ਰੋਜ਼ਾਨਾ ਕਰੀਬ 4 ਤੋਂ 5 ਘੰਟੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਪਾਣੀ ਦੀ ਸਪਲਾਈ ‘ਤੇ ਵੀ ਅਸਰ ਪੈ ਸਕਦਾ ਹੈ, ਇਸ ਲਈ ਵਸਨੀਕਾਂ ਨੂੰ ਪਹਿਲਾਂ ਤੋਂ ਪਾਣੀ ਸਟੋਰ ਕਰਨ ਦੀ ਸਲਾਹ ਦਿੱਤੀ ਗਈ ਹੈ।

ਅੱਜ ਜਲੰਧਰ ਦੇ ਕਈ ਇਲਾਕਿਆਂ ਜਿਵੇਂ ਗਰੋਵਰ ਕਲੋਨੀ, ਏਕਤਾ ਵਿਹਾਰ, 120 ਫੁੱਟ ਰੋਡ, ਰੋਜ਼ ਪਾਰਕ, ਲਾਂਬਾ ਪਿੰਡ, ਖੰਬਰਾਂ, ਮਾਡਲ ਟਾਊਨ ਅਤੇ ਲਾਡੋ ਵਾਲੀ ਰੋਡ ਵਿੱਚ ਬਿਜਲੀ ਬੰਦ ਰਹੇਗੀ। ਇਸ ਤੋਂ ਇਲਾਵਾ, ਐਲਡੇਕੋ ਗ੍ਰੀਨ, ਬਸੰਤ ਵਿਹਾਰ, ਜਲੰਧਰ ਐਨਕਲੇਵ ਅਤੇ ਆਰਸੀਐਫ ਕਲੋਨੀ ਵਰਗੇ ਖੇਤਰ ਵੀ ਪ੍ਰਭਾਵਿਤ ਰਹਿਣਗੇ।

ਭਲਕੇ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਇਲਾਕਿਆਂ ਵਿੱਚ ਬਿਜਲੀ ਕੱਟ ਜਾਰੀ ਰਹਿਣਗੇ। 23 ਅਤੇ 24 ਅਪ੍ਰੈਲ ਨੂੰ ਦੀਪ ਨਗਰ, ਗੁਰੂ ਤੇਗ ਬਹਾਦਰ ਖੇਤਰ, ਪੀਏਪੀ ਕੁਆਰਟਰ, ਅਮਨ ਗਾਰਡਨ ਅਤੇ ਨਿਊ ਗੋਵਿੰਦ ਨਗਰ ਸਮੇਤ ਕਈ ਖੇਤਰ ਪ੍ਰਭਾਵਿਤ ਹੋਣਗੇ। 24 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ 16 ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ, ਜਦਕਿ 25 ਅਪ੍ਰੈਲ ਨੂੰ 9 ਖੇਤਰਾਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੱਟ ਲੱਗੇਗਾ।

ਇਸ ਪਾਵਰ ਕੱਟ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਣਗੇ ਅਤੇ ਗਰਮੀ ਦੇ ਮੌਸਮ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਬਣਦੀ ਜਾ ਰਹੀ ਹੈ।

LEAVE A REPLY

Please enter your comment!
Please enter your name here