ਪਟਿਆਲਾ, 15 ਅਪ੍ਰੈਲ:
ਡਾ. ਭੀਮ ਰਾਓ ਅੰਬੇਡਕਰ ਦੇ 136ਵੇਂ ਜਨਮ ਦਿਨ ਮੌਕੇ ਬਾਬਾ ਸਾਹਿਬ ਨੂੰ ਕੀਤਾ ਯਾਦ
ਡਾ. ਅੰਬੇਡਕਰ ਨੇ ਭਾਰਤੀ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਾਮਿਸਾਲ ਦੇਣ ਦਿੱਤੀ-ਸਿਮਰਪ੍ਰੀਤ ਕੌਰ
ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨਡਾ. ਭੀਮ ਰਾਓ ਅੰਬੇਡਕਰ ਦੇ ਅੱਜ 136ਵੇਂ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਕੁਲਵਿੰਦਰ ਕੌਰ, ਤਹਿਸੀਲ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਜਗਦੀਪ ਸ਼ਰਮਾ ਅਤੇ ਸਵਰਨ ਸਿੰਘ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਤੇ ਸਮਾਜਿਕ ਨਿਆਂ ਦਫ਼ਤਰ ਦਾ ਅਮਲਾ ਵੀ ਮੌਜੂਦ ਰਿਹਾ।
ਸਿਮਰਪ੍ਰੀਤ ਕੌਰ ਨੇ ਕਿਹਾ ਕਿ ਡਾ. ਅੰਬੇਡਕਰ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਣ ਸਮੇਤ ਆਧੁਨਿਕ ਭਾਰਤ, ਭਾਰਤੀ ਸਮਾਜ ਅਤੇ ਖਾਸ ਕਰਕੇ ਮਹਿਲਾਵਾਂ ਸਮੇਤ ਸਮਾਜ ਦੇ ਪੱਛੜੇ ਤੇ ਦੱਬੇ-ਕੁਚਲੇ ਲੋਕਾਂ ਦੇ ਵਿਕਾਸ ‘ਚ ਪਾਏ ਅਹਿਮ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਡਾ. ਅੰਬੇਡਕਰ ਦੇ ਪਾਏ ਪੂਰਨਿਆਂ ‘ਤੇ ਚਲਦੇ ਹੋਏ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਭ ਦੇਸ਼ਾਂ ਤੋਂ ਵਿਲੱਖਣ ਤੇ ਸਮਾਨਤਾ ਦੇਣ ਵਾਲਾ ਸੰਵਿਧਾਨ ਬਣਾਇਆ, ਜਿਸ ਦੀ ਸਹੁੰ ਅਸੀਂ ਖਾਧੀ ਹੈ, ਸਾਨੂੰ ਇਸ ‘ਤੇ ਚਲਦੇ ਹੋਏ ਲੋਕਾਂ ਦੀ ਭਲਾਈ ਤੇ ਇੱਕ ਸਮਾਨ ਅਧਿਕਾਰਾਂ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਸਮੁਚੇ ਦੇਸ ਵਾਸੀਆਂ ਲਈ ਇੱਕ ਚਾਨਣ ਮੁਨਾਰਾ ਵੀ ਸਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਕੇ ਉਨ੍ਹਾਂ ਦੇ ਸੰਦੇਸ਼ਾਂ ‘ਤੇ ਅਮਲ ਕਰੀਏ।








