ਚੰਡੀਗੜ੍ਹ: ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਆਂਗਣਵਾੜੀ ਸੈਂਟਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਤਹਿਤ ਸਵੱਛਤਾ ਸੁਵਿਧਾਵਾਂ ‘ਚ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।
ਮੰਤਰੀ ਨੇ ਦੱਸਿਆ ਕਿ ਪੇਂਡੂ ਖੇਤਰਾਂ ਦੇ 2162 ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਲਈ ਨਵੇਂ ਟਾਇਲਟ ਬਣਾਏ ਜਾਣਗੇ, ਜਿਸ ‘ਤੇ ਲਗਭਗ 7.78 ਕਰੋੜ ਰੁਪਏ ਖਰਚ ਹੋਣਗੇ। ਹਰ ਟਾਇਲਟ ਦੇ ਨਿਰਮਾਣ ‘ਤੇ ਕਰੀਬ 36 ਹਜ਼ਾਰ ਰੁਪਏ ਦੀ ਲਾਗਤ ਆਏਗੀ।
ਜ਼ਿਲਿਆਂ ਨੂੰ ਜਲਦ ਫੰਡ ਜਾਰੀ
ਉਨ੍ਹਾਂ ਕਿਹਾ ਕਿ ਟਾਇਲਟ ਨਿਰਮਾਣ ਲਈ ਜਲਦੀ ਹੀ ਜ਼ਿਲਿਆਂ ਨੂੰ ਫੰਡ ਜਾਰੀ ਕਰ ਦਿੱਤੇ ਜਾਣਗੇ, ਤਾਂ ਜੋ ਕੰਮ ਸਮੇਂ ਸਿਰ ਸ਼ੁਰੂ ਹੋ ਸਕੇ। ਇਹ ਨਿਰਮਾਣ ਕਾਰਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਰਾਹੀਂ ਤਰਜੀਹ ਦੇ ਆਧਾਰ ‘ਤੇ ਕਰਵਾਇਆ ਜਾਵੇਗਾ।
ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ‘ਤੇ ਖ਼ਾਸ ਧਿਆਨ
ਡਾ. ਬਲਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਸੈਂਟਰ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਅਤੇ ਦੇਖਭਾਲ ਦਾ ਪਹਿਲਾ ਪੜਾਅ ਹਨ। ਸਾਫ਼-ਸੁਥਰੇ ਅਤੇ ਸੁਰੱਖਿਅਤ ਟਾਇਲਟਾਂ ਨਾਲ ਬੱਚਿਆਂ ਦੀ ਸਿਹਤ ਦੀ ਰੱਖਿਆ ਹੋਵੇਗੀ ਅਤੇ ਮਾਪਿਆਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ।
ਪੰਜਾਬ ਸਰਕਾਰ ਵੱਲੋਂ ਇਹ ਕਦਮ ਬੱਚਿਆਂ ਲਈ ਸਿਹਤਮੰਦ ਅਤੇ ਸੁਚੱਜਾ ਮਾਹੌਲ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਲ ਮੰਨੀ ਜਾ ਰਹੀ ਹੈ।



