ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੂਬੇ ਦੇ ਬਜਟ 2026-27 ਨੂੰ ਇਤਿਹਾਸਕ ਅਤੇ ਪਰਿਵਰਤਨਸ਼ੀਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਪਾਰਟੀ ਵੱਲੋਂ ਲੋਕਾਂ ਨਾਲ ਕੀਤੀ ਗਈ ਪੰਜਵੀਂ ਅਤੇ ਆਖ਼ਰੀ ਵੱਡੀ ਗਰੰਟੀ ਦੀ ਪੂਰਤੀ ਹੈ ਅਤੇ ਇਸ ਨੂੰ ਸੂਬੇ ਦੇ ਇਤਿਹਾਸ ਦਾ “ਸੁਨਹਿਰੀ ਅਧਿਆਇ” ਦੱਸਿਆ।
ਪੰਜਾਬ ਵਿਧਾਨ ਸਭਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮਾਵਾਂ, ਧੀਆਂ ਅਤੇ ਭੈਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਅਨੁਸਾਰ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਪੂਰਾ ਕੀਤਾ ਹੈ।
ਔਰਤਾਂ ਲਈ ਮਹੀਨਾਵਾਰ ਵਿੱਤੀ ਸਹਾਇਤਾ
ਅਮਨ ਅਰੋੜਾ ਨੇ ਦੱਸਿਆ ਕਿ ਜਨਰਲ ਵਰਗ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਆਪਣੀ ਕਿਸਮ ਦੀ ਵਿਲੱਖਣ ਪਹਿਲਕਦਮੀ ਹੈ, ਜਿਸ ਨਾਲ ਸੂਬੇ ਦੀਆਂ 97 ਫੀਸਦੀ ਔਰਤਾਂ ਨੂੰ ਬਿਨਾਂ ਕਿਸੇ ਆਮਦਨ ਸੀਮਾ ਦੇ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿੱਖਿਆ, ਮੁਫ਼ਤ ਬਿਜਲੀ, ਸਿਹਤ ਸੇਵਾਵਾਂ, ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਦੀ ਮਦਦ ਅਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਵਰਗੇ ਵਾਅਦੇ ਪੂਰੇ ਕੀਤੇ ਹਨ।
ਵਿੱਤੀ ਪ੍ਰਬੰਧਨ ਤੇ ਵਿਕਾਸ
ਅਰੋੜਾ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਰਕਾਰ ਨੇ ਕਰਜ਼ੇ ਦੇ ਬੋਝ ਦੇ ਬਾਵਜੂਦ ਸੁਚੱਜਾ ਵਿੱਤੀ ਪ੍ਰਬੰਧਨ ਕੀਤਾ ਹੈ ਅਤੇ ਕਿਸੇ ਨਵੇਂ ਕਰ ਤੋਂ ਬਿਨਾਂ ਇਹ ਬਜਟ ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਬਜਟ ਵਿੱਚ ਸਿਹਤ ਅਤੇ ਸਿੱਖਿਆ ਲਈ ਸਭ ਤੋਂ ਵੱਡੀ ਰਕਮ ਰੱਖਣ ਦੀ ਗੱਲ ਦੱਸੀ ਅਤੇ 6,000 ਨਵੇਂ ਖੇਡ ਮੈਦਾਨ ਬਣਾਉਣ ਦੀ ਯੋਜਨਾ ‘ਤੇ ਵੀ ਚਾਨਣਾ ਪਾਇਆ।
ਖੁਰਾਕ ਸੁਰੱਖਿਆ ਅਤੇ ਹੋਰ ਐਲਾਨ
ਖੁਰਾਕ ਸੁਰੱਖਿਆ ਹੇਠ ‘ਮੇਰੀ ਰਸੋਈ’ ਯੋਜਨਾ ਤਹਿਤ ਨਵੇਂ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ, ਜਿਨ੍ਹਾਂ ਨੂੰ ਕਣਕ ਦਾ ਆਟਾ, ਦਾਲਾਂ ਅਤੇ ਖੰਡ ਵਰਗੀਆਂ ਜ਼ਰੂਰੀ ਵਸਤੂਆਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਉਨ੍ਹਾਂ ਸੁਨਾਮ ਹਲਕੇ ਦੇ ਪਿੰਡ ਚੀਮਾ ਵਿੱਚ ਸੰਤ ਅਤਰ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਬਣਾਉਣ ਦੇ ਫ਼ੈਸਲੇ ਲਈ ਸਰਕਾਰ ਦਾ ਧੰਨਵਾਦ ਕੀਤਾ। ਇਹ ਸੰਸਥਾ ਸੰਤ ਅਤਰ ਸਿੰਘ ਜੀ ਦੇ ਜਨਮ ਸਥਾਨ ‘ਤੇ ਬਣੇਗੀ ਅਤੇ ਇਸ ਵਿੱਚ ਡਿਗਰੀ ਕਾਲਜ ਵੀ ਸ਼ਾਮਲ ਹੋਵੇਗਾ।
ਅਰੋੜਾ ਨੇ ਦਾਅਵਾ ਕੀਤਾ ਕਿ ਇਹ ਬਜਟ ਸੂਬੇ ਦੇ ਸਮੂਹਿਕ ਵਿਕਾਸ ਅਤੇ ਲੋਕ ਭਲਾਈ ਵੱਲ ਇੱਕ ਮਜ਼ਬੂਤ ਕਦਮ ਹੈ।






