ਪੰਜਾਬ : ਮੁੱਖ ਮੰਤਰੀ ਮਾਨ ਵੱਲੋਂ ਅੱਜ ਪੰਜਾਬ ਦੇ 36 ਪ੍ਰਿੰਸੀਪਲਾਂ ਦੇ ਇੱਕ ਬੈਚ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਹੈ। ਇਨ੍ਹਾਂ ਅਧਿਆਪਕਾਂ ਨੂੰ 9 ਤੋਂ 15 ਮਾਰਚ ਤੱਕ ਸਿੰਗਾਪੁਰ ਵਿੱਚ ਸਿਖਲਾਈ ਦਿੱਤੀ ਜਾਵੇਗੀ। ਇਸ ਦੌਰੇ ਦੌਰਾਨ ਪ੍ਰਿੰਸੀਪਲ ਪੜ੍ਹਾਈ ਤੇ ਪ੍ਰਬੰਧਨ ਦੀਆਂ ਜੁਗਤਾਂ ਸਿੱਖ ਸਕਣਗੇ ਕਿਉਂਕਿ ਉੱਥੋਂ ਦੇ ਮਾਹਿਰਾਂ ਦੀ ਇੱਕ ਟੀਮ ਨੇ ਉਨ੍ਹਾਂ ਲਈ ਇੱਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਤਿਆਰ ਕੀਤਾ ਹੈ। ਪ੍ਰਿੰਸੀਪਲਾਂ ਦੀ ਚੋਣ ਲਈ ਵਿਭਾਗ ਨੇ ਦਿਲਚਸਪੀ ਰੱਖਣ ਵਾਲੇ ਪ੍ਰਿੰਸੀਪਲਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਸੀ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਹੁਣ ਰੱਟੇਬਾਜ਼ੀ ਪ੍ਰਣਾਲੀ ਦਾ ਸਮਾਂ ਨਹੀਂ ਹੈ ਕਿਉਂਕਿ ਵਿਹਾਰਕ ਗਿਆਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਿੱਖਿਆ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ।
ਇਸ ਤੋਂ ਪਹਿਲਾਂ ਜੁਲਾਈ 2023 ਵਿੱਚ 72 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ। ਵਿਭਾਗ ਦੇ ਅਨੁਸਾਰ ਸਿਖਲਾਈ ਦੌਰਾਨ ਇਹ ਪ੍ਰਿੰਸੀਪਲ ਵਿਦੇਸ਼ਾਂ ਵਿੱਚ ਪ੍ਰਚਲਿਤ ਆਧੁਨਿਕ ਅਧਿਆਪਨ ਹੁਨਰਾਂ ਨਾਲ ਲੈਸ ਹੋਣਗੇ। ਵਾਪਸ ਆਉਣ ਤੋਂ ਬਾਅਦ ਇਹ ਪ੍ਰਿੰਸੀਪਲ ਵਿਦਿਆਰਥੀਆਂ ਅਤੇ ਆਪਣੇ ਸਾਥੀਆਂ ਨਾਲ ਆਪਣੇ ਅਨੁਭਵ ਸਾਂਝੇ ਕਰਨਗੇ ਤਾਂ ਜੋ ਅਧਿਆਪਕ ਵਿ ਦਿਆਰਥੀਆਂ ਨੂੰ ਨਵੇਂ ਯੁੱਗ ਦੀ ਸਿੱਖਿਆ ਬਾਰੇ ਜਾਗਰੂਕ ਕਰ ਸਕਣ। ਇਸੇ ਤਰ੍ਹਾਂ ਅਧਿਆਪਕਾਂ ਦੇ ਦੂਜੇ ਬੈਚ ਨੂੰ 17 ਤੋਂ 28 ਮਾਰਚ ਤੱਕ ਫਿਨਲੈਂਡ ਵਿੱਚ ਸਿਖਲਾਈ ਲਈ ਭੇਜਿਆ ਜਾਵੇਗਾ। ਇਸ ਦੌਰਾਨ ਮਾਨ ਨੇ ਜਥੇਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਲਈ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਪੁੱਠਾ ਸਮਾਂ ਆ ਗਿਆ ਹੈ ਤੇ ਹੁਣ ਰਾਜਨੀਤੀ ਧਰਮ ਨੂੰ ਸਿਖਾ ਰਹੀ ਹੈ। ਇਹ ਲੋਕ ਜਥੇਦਾਰਾਂ ਨੂੰ ਆਪਣੀਆਂ ਜੇਬਾਂ ਵਿੱਚ ਸਮਝਦੇ ਹਨ।