Tuesday, August 11, 2026
Home World News ਮਸ਼ਹੂਰ ਅਮਰੀਕੀ ਸਿੰਗਰ Brad Arnold ਦਾ ਹੋਇਆ ਦੇਹਾਂਤ

ਮਸ਼ਹੂਰ ਅਮਰੀਕੀ ਸਿੰਗਰ Brad Arnold ਦਾ ਹੋਇਆ ਦੇਹਾਂਤ

0
48

ਅਮਰੀਕਾ : ਰਾਕ ਮਿਊਜ਼ਿਕ ਦੀ ਦੁਨੀਆ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਮਰੀਕੀ ਰਾਕ ਬੈਂਡ 3 Doors Down ਦੇ ਲੀਡ ਸਿੰਗਰ ਅਤੇ ਫਾਉਂਡਿੰਗ ਮੈਂਬਰ Brad Arnold ਦਾ ਸ਼ਨੀਵਾਰ ਦੇਹਾਂਤ ਹੋ ਗਿਆ। ਉਹ ਸਿਰਫ਼ 47 ਸਾਲ ਦੇ ਸਨ। ਬ੍ਰੈਡ ਆਰਨੋਲਡ ਪਿਛਲੇ ਚਾਰ ਮਹੀਨਿਆਂ ਤੋਂ ਸਟੇਜ ਫੋਰ ਕੈਂਸਰ ਨਾਲ ਜੂਝ ਰਹੇ ਸਨ।

ਬੈਂਡ ਵੱਲੋਂ ਸੋਸ਼ਲ ਮੀਡੀਆ ‘ਤੇ ਜਾਰੀ ਅਧਿਕਾਰਤ ਬਿਆਨ ਵਿੱਚ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਬ੍ਰੈਡ ਨੇ ਸ਼ਾਂਤੀ ਨਾਲ ਇਸ ਦੁਨੀਆਂ ਨੂੰ ਅਲਵਿਦਾ ਕਿਹਾ। ਇਸ ਦੁਖਦਾਈ ਖ਼ਬਰ ਤੋਂ ਬਾਅਦ, ਬੈਂਡ ਨੇ ਆਪਣੇ ਆਉਣ ਵਾਲੇ ਸਾਰੇ ਪ੍ਰੋਗਰਾਮ ਅਤੇ ਟੂਰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਬ੍ਰੈਡ ਆਰਨੋਲਡ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਦੁਨੀਆ ਭਰ ਦੇ ਫੈਨ ਅਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ। ਫੈਨ ਉਨ੍ਹਾਂ ਨੂੰ ਇੱਕ ਸ਼ਾਨਦਾਰ ਗਾਇਕ, ਗੀਤਕਾਰ ਅਤੇ ਪ੍ਰੇਰਣਾਦਾਇਕ ਕਲਾਕਾਰ ਵਜੋਂ ਯਾਦ ਕਰ ਰਹੇ ਹਨ।

ਕੌਣ ਸਨ ਬ੍ਰੈਡ ਆਰਨੋਲਡ?

ਬ੍ਰੈਡ ਆਰਨੋਲਡ ਮਸ਼ਹੂਰ ਅਮਰੀਕੀ ਰਾਕ ਬੈਂਡ 3 Doors Down ਦੇ ਫਾਉਂਡਿੰਗ ਮੈਂਬਰ ਸਨ। ਉਨ੍ਹਾਂ ਨੇ ਬੈਂਡ ਵਿੱਚ ਲੀਡ ਸਿੰਗਰ ਦੇ ਨਾਲ–ਨਾਲ ਸ਼ੁਰੂਆਤੀ ਦੌਰ ਵਿੱਚ ਡਰੱਮਰ ਦੀ ਭੂਮਿਕਾ ਵੀ ਨਿਭਾਈ। ਸਾਲ 1996 ਵਿੱਚ ਬਣਿਆ ਇਹ ਬੈਂਡ ਬਹੁਤ ਹੀ ਘੱਟ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਹੋ ਗਿਆ। ਬ੍ਰੈਡ ਦੀ ਖਾਸ ਆਵਾਜ਼ ਅਤੇ ਉਨ੍ਹਾਂ ਦੇ ਲਿਖੇ ਗੀਤ ਬੈਂਡ ਦੀ ਸਭ ਤੋਂ ਵੱਡੀ ਪਛਾਣ ਬਣੇ।

“ਕ੍ਰਿਪਟੋਨਾਈਟ” ਨਾਲ ਮਿਲੀ ਵਿਸ਼ਵ ਪਛਾਣ

ਸਾਲ 2000 ਵਿੱਚ ਆਇਆ ਗੀਤ “Kryptonite” 3 Doors Down ਲਈ ਮੀਲ ਦਾ ਪੱਥਰ ਸਾਬਤ ਹੋਇਆ। ਇਸ ਗੀਤ ਨੇ ਦੁਨੀਆ ਭਰ ਦੇ ਮਿਊਜ਼ਿਕ ਚਾਰਟਸ ‘ਤੇ ਉੱਚ ਸਥਾਨ ਹਾਸਲ ਕੀਤੇ। ਇਸ ਤੋਂ ਬਾਅਦ “Here Without You” ਅਤੇ “When I’m Gone” ਵਰਗੇ ਗੀਤਾਂ ਨੇ ਬੈਂਡ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। “Kryptonite” ਅਤੇ “When I’m Gone” ਨੂੰ ਗ੍ਰੈਮੀ ਅਵਾਰਡ ਲਈ ਨਾਮਜ਼ਦ ਵੀ ਕੀਤਾ ਗਿਆ, ਜੋ ਕਿਸੇ ਵੀ ਰਾਕ ਬੈਂਡ ਲਈ ਵੱਡੀ ਉਪਲਬਧੀ ਮੰਨੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ “Kryptonite” ਬ੍ਰੈਡ ਆਰਨੋਲਡ ਨੇ ਸਿਰਫ਼ 15 ਸਾਲ ਦੀ ਉਮਰ ਵਿੱਚ ਲਿਖਿਆ ਸੀ।

ਕੈਂਸਰ ਨਾਲ ਲੜਾਈ

ਬ੍ਰੈਡ ਆਰਨੋਲਡ ਨੇ 5 ਮਈ 2025 ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਆਪਣੀ ਬਿਮਾਰੀ ਬਾਰੇ ਖੁਲਾਸਾ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਉਹ ਸਟੇਜ ਫੋਰ ਕਲੀਅਰ ਸੈੱਲ ਰੀਨਲ ਸੈੱਲ ਕਾਰਸਿਨੋਮਾ, ਯਾਨੀ ਕਿਡਨੀ ਕੈਂਸਰ ਦੇ ਗੰਭੀਰ ਰੂਪ ਨਾਲ ਪੀੜਤ ਹਨ, ਜੋ ਉਨ੍ਹਾਂ ਦੇ ਫੇਫੜਿਆਂ ਤੱਕ ਫੈਲ ਚੁੱਕਾ ਸੀ। ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ “ਇਹ ਮੇਰਾ ਸਮਾਂ ਨਹੀਂ ਹੈ” ਅਤੇ ਆਪਣੇ ਫੈਨਾਂ ਤੋਂ ਦੁਆਵਾਂ ਅਤੇ ਹਿੰਮਤ ਦੀ ਅਪੀਲ ਕੀਤੀ ਸੀ। ਉਨ੍ਹਾਂ ਦਾ ਇਹ ਸੰਦੇਸ਼ ਫੈਨਾਂ ਲਈ ਬਹੁਤ ਹੀ ਭਾਵੁਕ ਸਾਬਤ ਹੋਇਆ ਸੀ।

ਬ੍ਰੈਡ ਆਰਨੋਲਡ ਦੇ ਦੇਹਾਂਤ ਨਾਲ ਰਾਕ ਮਿਊਜ਼ਿਕ ਦੀ ਦੁਨੀਆ ਨੇ ਇੱਕ ਅਨਮੋਲ ਆਵਾਜ਼ ਅਤੇ ਪ੍ਰਤਿਭਾਵਾਨ ਕਲਾਕਾਰ ਨੂੰ ਸਦਾ ਲਈ ਖੋ ਦਿੱਤਾ ਹੈ।

LEAVE A REPLY

Please enter your comment!
Please enter your name here