Home Punjab ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਬਿਆਨ ‘ਤੇ ਸਿਆਸੀ ਤਣਾਅ

ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਬਿਆਨ ‘ਤੇ ਸਿਆਸੀ ਤਣਾਅ

0
60

ਚੰਡੀਗੜ੍ਹ: ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬਿਕਰਮ ਮਜੀਠੀਆ ‘ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਤਣਾਅ ਵਧ ਗਿਆ ਹੈ। ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੇਰਾ ਮੁਖੀ ਦੇ ਬਿਆਨ ‘ਤੇ ਸਵਾਲ ਚੁੱਕੇ ਹਨ।

ਨੀਲ ਗਰਗ ਨੇ ਕਿਹਾ, “ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦੇਸ਼-ਵਿਦੇਸ਼ ਵਿੱਚ ਲੱਖਾਂ-ਕਰੋੜਾਂ ਸ਼ਰਧਾਲੂ ਹਨ। ਅਜਿਹੀ ਸ਼ਖਸੀਅਤ ਵੱਲੋਂ ਕਿਸੇ ਸੰਗੀਨ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਨੂੰ ‘ਕਲੀਨ ਚਿੱਟ’ ਦੇਣਾ ਮੰਦਭਾਗਾ ਹੈ। ਸੰਤ-ਮਹਾਤਮਾ ਨੂੰ ਅਜਿਹੇ ਸਿਆਸੀ ਅਤੇ ਕਾਨੂੰਨੀ ਮਾਮਲਿਆਂ ਵਿੱਚ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਲੱਖਾਂ ਫਾਲੋਅਰਜ਼ ਵਾਲਾ ਕੋਈ ਵਿਅਕਤੀ ਜਦੋਂ ਅਜਿਹਾ ਬਿਆਨ ਦਿੰਦਾ ਹੈ, ਤਾਂ ਇਸ ਨਾਲ ਸਮਾਜ ਵਿੱਚ ਗਲਤ ਮੈਸੇਜ ਜਾਂਦਾ ਹੈ।”

‘ਆਪ’ ਆਗੂ ਨੇ ਸਪੱਸ਼ਟ ਕੀਤਾ ਕਿ ਬਿਕਰਮ ਮਜੀਠੀਆ ‘ਤੇ ਲੱਗੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ ਅਤੇ ਮਾਮਲਾ ਅਦਾਲਤ ਦੇ ਅਧੀਨ ਹੈ। ਨੀਲ ਗਰਗ ਨੇ ਕਿਹਾ, “ਕੌਣ ਗਲਤ ਹੈ ਅਤੇ ਕੌਣ ਸਹੀ, ਇਸ ਦਾ ਫੈਸਲਾ ਕਰਨਾ ਸਿਰਫ ਅਦਾਲਤਾਂ ਦਾ ਕੰਮ ਹੈ। ਕਿਸੇ ਵੀ ਧਾਰਮਿਕ ਆਗੂ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਨਹੀਂ ਕਰਨੀ ਚਾਹੀਦੀ।”

ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਜੇਲ੍ਹ ਵਿੱਚ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ‘ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਸੀ। ਨੀਲ ਗਰਗ ਦੇ ਤਿੱਖੇ ਬਿਆਨ ਤੋਂ ਬਾਅਦ ਹੁਣ ਇਹ ਮਾਮਲਾ ਪੰਜਾਬ ਦੀ ਸਿਆਸਤ ਵਿੱਚ ਹੋਰ ਭਖਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here