HomePunjabLudhianaਜ਼ਿਲ੍ਹਾ ਪ੍ਰਸ਼ਾਸ਼ਨ ਸ਼ੋਭਾ ਯਾਤਰਾ ਸਵਾਗਤ ਦੀਆਂ ਤਿਆਰੀਆਂ ਲਈ ਪੱਬਾਂ ਭਾਰ

ਜ਼ਿਲ੍ਹਾ ਪ੍ਰਸ਼ਾਸ਼ਨ ਸ਼ੋਭਾ ਯਾਤਰਾ ਸਵਾਗਤ ਦੀਆਂ ਤਿਆਰੀਆਂ ਲਈ ਪੱਬਾਂ ਭਾਰ

ਲੁਧਿਆਣਾ, 28 ਨਵੰਬਰ

ਵਧੀਕ ਡਿਪਟੀ ਕਮਿਸ਼ਨਰ ਸਵਾਤੀ ਟਿਵਾਣਾ ਨੇ ਤਿਆਰੀ ਸਬੰਧੀ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ

ਕਿਹਾ! ਸ਼ੋਭਾ ਯਾਤਰਾ ਰੂਟ ਦੌਰਾਨ ਮੀਟ, ਸ਼ਰਾਬ, ਤੰਬਾਕੂ ਦੀਆਂ ਦੁਕਾਨਾਂ ਨੂੰ ਬੰਦ ਰੱਖਿਆ ਜਾਵੇ

ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਅਥਾਹ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜਿਸਦੇ ਤਹਿਤ ਪੰਜਾਬ ਸੂਬੇ ਵਿੱਚ ਸ਼ੋਭਾ ਯਾਤਰਾ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਵੱਲੋਂ ਸ਼ੋਭਾ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਲਈ ਪੱਬਾਂ ਭਾਰ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਸ਼ੋਭਾ ਯਾਤਰਾ ਲਈ ਵਿੱਢੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ, ਵਧੀਕ ਡਿਪਟੀ ਕਮਿਸ਼ਨਰ (ਜ) ਸਵਾਤੀ ਟਿਵਾਣਾ ਵਲੋਂ ਪੁਲਿਸ, ਨਗਰ ਨਿਗਮ, ਟਰਾਂਸਪੋਰਟ ਵਿਭਾਗ, ਫੂਡ ਸਪਲਾਈ, ਪੀ.ਐਸ.ਪੀ.ਸੀ.ਐਲ., ਲੋਕ ਨਿਰਮਾਣ ਵਿਭਾਗ, ਵਾਟਰ ਸਪਲਾਈ, ਫੋਰੈਸਟ ਵਿਭਾਗ, ਫਾਇਰ ਬ੍ਰਿਗੇਡ, ਪਬਲਿਕ ਹੈਲਥ ਅਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਵਧੀਕ ਡਿਪਟੀ ਕਮਿਸ਼ਨਰ ਟਿਵਾਣਾ ਨੇ ਦੱਸਿਆ ਕਿ ਆਗਾਮੀ 2 ਦਸੰਬਰ, 2026 ਰਾਤ ਨੂੰ ਇਹ ਸ਼ੋਭਾ ਯਾਤਰਾ ਜਗਰਾਉਂ ਤੋਂ ਦਾਖਲ ਹੁੰਦਿਆਂ, ਸੀਟੀ ਯੂਨੀਵਰਸਿਟੀ, ਮੁੱਲਾਂਪੁਰ, ਗਰੈਂਡ ਵਾਕ ਮਾਲ ਤੋਂ ਪੱਖੋਵਾਲ ਚੌਂਕ ਰਾਹੀਂ ਸੀਨੀਅਰ ਸਿਟੀਜਨ ਭਵਨ, ਦੁਰਗਾ ਮਾਤਾ ਮੰਦਿਰ ਹੁੰਦੀ ਹੋਈ ਗੁਰੂਦੁਆਰਾ ਸ੍ਰੀ ਗੁਰੂ ਸਿੰਘ  ਸਭਾ,  ਭਾਈ ਰਣਧੀਰ ਸਿੰਘ ਨਗਰ, ਉਪਰੰਤ ਵੇਰਕਾ ਮਿਲਕ ਪਲਾਂਟ, ਆਰਤੀ ਚੌਂਕ, ਸ੍ਰੀ ਦੁਰਗਾ ਮਾਤਾ ਮੰਦਿਰ ਤੋਂ ਬਾਅਦ ਜਗਰਾਉਂ ਪੁਲ ਨੇੜੇ ਸਥਿਤ ਗੁਰੂਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰੁਕੇਗੀ। 3 ਦਸੰਬਰ, 2026 ਦੀ ਸਵੇਰ ਨੂੰ ਘੰਟਾ ਘਰ-ਜਲੰਧਰ ਬਾਈਪਾਸ, ਲਾਢੋਵਾਲ, ਫਿਲੌਰ-ਕਪੂਰਥਲਾ ਤੋਂ ਹੁੰਦੀ ਹੋਈ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗੀ।

ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਸ਼ਰਧਾਲੂਆਂ ਦੀ ਅਤੁੱਟ ਸ਼ਰਧਾ ਦੇ ਮੱਦੇਨਜ਼ਰ, ਸ਼ੋਭਾ ਯਾਤਰਾ ਰੂਟ ਦੌਰਾਨ ਇਹ ਹਰ ਹੀਲੇ ਯਕੀਨੀ ਬਣਾਉਣ ਕਿ ਮੀਟ, ਸ਼ਰਾਬ, ਤੰਬਾਕੂ ਦੀਆਂ ਦੁਕਾਨਾਂ ਨੂੰ ਬੰਦ ਰੱਖਿਆ ਜਾਵੇ।

ਵਧੀਕ ਡਿਪਟੀ ਕਮਿਸ਼ਨਰ ਸਵਾਤੀ ਟਿਵਾਣਾ ਨੇ ਪਾਲਕੀ ਸਾਹਿਬ ਦੇ ਰੂਟ ’ਤੇ ਸਫ਼ਾਈ, ਸਜਾਵਟ, ਰੋਸ਼ਨੀ, ਟ੍ਰੈਫ਼ਿਕ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸੁਵਿਧਾ, ਮੈਡੀਕਲ ਸਹੂਲਤ ਦੇ ਪੁੱਖਤਾ ਪ੍ਰਬੰਧਾ ’ਤੇ ਜ਼ੋਰ ਦਿੱਤਾ।  ਉਨ੍ਹਾਂ ਬੀਤੇ ਦਿਨੀਂ ਛੱਠ ਪੂਜਾ ਸਮਾਗਮ ਦਾ ਜ਼ਿਕਰ ਕਰਦਿਆਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਲਈ ਵਾਧੂ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਸ਼ੋਭਾ ਯਾਤਰਾ ਸਮਾਗਮ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ।

ਉਨ੍ਹਾਂ ਦੁਹਾਰਾਇਆ ਕਿ ਇਹ ਹਰ ਹੀਲੇ ਯਕੀਨੀ ਬਣਾਇਆ ਜਾਵੇ ਕਿ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਗੁਰੂਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪਾਰਕਿੰਗ, ਸ਼ਰਧਾਲੂਆਂ ਲਈ ਲੰਗਰ ਦੀ ਵਿਵਸਥਾ, ਕੰਬਲ, ਸਾਫ-ਸੁਥਰੇ ਵਿਸਤਰੇ, ਨਹਾਉਣ ਲਈ ਗਰਮ ਪਾਣੀ, ਪਖਾਨਿਆਂ ਦੀ ਸਾਫ ਸਫਾਈ ਨੂੰ ਯਕੀਨੀ ਬਣਾਉਣ ਵਿੱਚ ਕੋਈ ਕੋਤਾਹੀ ਨਾ ਹੋਵੇ। ਉਨ੍ਹਾਂ ਨਗਰ ਨਿਗਮ/ਕੌਂਸਲ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਪੱਸ਼ਟ ਕੀਤਾ ਕਿ ਸ਼ੋਭਾ ਯਾਤਰਾ ਦੇ ਰੂਟ ਨੇ ਕੂੜੇ ਦੇ ਢੇਰ ਨਾ ਹੋਣ, ਕਿਸੇ ਵੀ ਤਰ੍ਹਾਂ ਦੀਆਂ ਲਟਕਦੀਆਂ ਤਾਰਾਂ ਨੂੰ ਦਰੁਸਤ ਕਰਵਾਇਆ ਜਾਵੇ, ਰੁੱਖਾਂ ਦੀ ਛੰਗਾਈ ਅਗਾਉਂ ਕਰ ਲਈ ਜਾਵੇ।

ਉਨ੍ਹਾਂ ਪੁਲਿਸ, ਨਗਰ ਨਿਗਮ, ਲੋਕ ਨਿਰਮਾਣ ਵਿਭਾਗ , ਵਾਟਰ ਸਪਲਾਈ, ਫੋਰੈਸਟ ਵਿਭਾਗ, ਫਾਇਰ ਬ੍ਰਿਗੇਡ, ਪਬਲਿਕ ਹੈਲਥ, ਐਮਰਜੈਂਸੀ ਸਰਵਿਸਜ਼ ਅਤੇ ਐਸ.ਡੀ.ਐਮਜ਼ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਪੁਲਿਸ ਵਿਭਾਗ ਨੂੰ ਟ੍ਰੈਫ਼ਿਕ ਡਾਇਵਰਜ਼ਨ, ਸੁਰੱਖਿਆ ਘੇਰਾ ਅਤੇ ਰੂਟ ਪਲਾਨ ਸਬੰਧੀ ਸਮੁੱਚੀ ਜਾਣਕਾਰੀ ਸਾਂਝੀ ਕਰਨ ਲਈ ਵੀ ਕਿਹਾ ਤਾਂ ਜੋ ਆਮ ਨਾਗਰਿਕਾਂ ਲਈ ਆਵਾਜਾਈ ਸੁਖਾਵੀਂ ਹੋ ਸਕੇ।  ਨਗਰ ਨਿਗਮ ਅਧਿਕਾਰੀਆਂ ਨੂੰ ਸਫ਼ਾਈ ਮੁਹਿੰਮ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਰੂਟ ’ਤੇ ਖਾਸ ਤੌਰ ’ਤੇ ਵਾਧੂ ਕਰਮਚਾਰੀ ਤੈਨਾਤ ਕਰਨ ਦੇ ਆਦੇਸ਼ ਦਿੱਤੇ ਗਏ। ਪਬਲਿਕ ਹੈਲਥ ਅਤੇ ਵਾਟਰ ਸਪਲਾਈ ਵਿਭਾਗਾਂ ਨੂੰ ਸਾਫ਼ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ।

ਲੋਕ ਨਿਰਮਾਣ ਵਿਭਾਗ ਵੱਲੋਂ ਰੂਟ ’ਤੇ ਸੜਕਾਂ ਦੀ ਮੁਰੰਮਤ ਅਤੇ ਜ਼ਰੂਰੀ ਸੁਧਾਰ ਕੰਮ ਤੁਰੰਤ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਫਾਇਰ ਬ੍ਰਿਗੇਡ ਨੂੰ ਐਮਰਜੈਂਸੀ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਲਈ ਅਲਰਟ ਰਹਿਣ ਅਤੇ ਰੂਟ ’ਤੇ ਸਟੈਂਡਬਾਈ ਗੱਡੀਆਂ ਤੈਨਾਤ ਕਰਨ ਲਈ ਕਿਹਾ ਗਿਆ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸਵਾਤੀ ਟਿਵਾਣਾ ਨੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਨੂੰ ਸਖ਼ਤ ਲਹਿਜੇ ਵਿੱਚ ਕਿਹਾ ਕਿ ਪੰਜਾਬ ਭਰ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾ ਦਾ ਸਮਾਗਮ ਪੂਰੇ ਆਦਰ-ਸਤਿਕਾਰ ਨਾਲ ਮਨਾਇਆ ਜਾ ਰਿਹਾ  ਅਤੇ ਇਸ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments