Saturday, November 28, 2026
Home Patiala Updates ਪਟਿਆਲਾ ਵਿੱਚ ਏਅਰ ਰੇਡ ਬਲੈਕਆਊਟ ਮੌਕ ਡਰਿੱਲ ਕਰਵਾਈ ਗਈ

ਪਟਿਆਲਾ ਵਿੱਚ ਏਅਰ ਰੇਡ ਬਲੈਕਆਊਟ ਮੌਕ ਡਰਿੱਲ ਕਰਵਾਈ ਗਈ

0
5

ਪਟਿਆਲਾ, 27 ਨਵੰਬਰ:

ਪਟਿਆਲਾ ਵਿਖੇ ਅੱਜ ਸਿਵਲ ਡਿਫੈਂਸ ਵਿਭਾਗ ਵੱਲੋਂ ਏਅਰ ਰੇਡ ਅਤੇ ਬਲੈਕਆਊਟ ਸਬੰਧੀ ਮੌਕ ਡਰਿੱਲ ਕਰਵਾਈ ਗਈ। ਪਟਿਆਲਾ ਜ਼ਿਲ੍ਹੇ ਵਿੱਚ ਇਹ ਅਭਿਆਸ ਸਿਵਲ ਡਿਫੈਂਸ ਦੀ ਤਿਆਰੀ, ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਐਮਰਜੈਂਸੀ ਹਾਲਾਤ ਦੌਰਾਨ ਕੀਤੀ ਜਾਣ ਵਾਲੀ ਕਾਰਵਾਈ ਦੀ ਜਾਂਚ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ।

ਇਹ ਮੌਕ ਡਰਿੱਲ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਸਿਵਲ ਡਿਫੈਂਸ ਦੇ ਐਡੀਸ਼ਨਲ ਕੰਟਰੋਲਰ ਸ੍ਰੀ ਗਗਨਪ੍ਰੀਤ ਸਿੰਘ ਢਿੱਲੋਂ, ਨੋਡਲ ਅਫ਼ਸਰ ਸ੍ਰੀ ਮੋਹਨਦੀਪ ਸਿੰਘ ਅਤੇ ਚੀਫ਼ ਵਾਰਡਨ ਸਿਵਲ ਡਿਫੈਂਸ ਸ੍ਰੀ ਕੇ.ਐਸ. ਸੇਖੋਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਡੀ.ਸੀ.ਡਬਲਯੂ. ਪੁਲ ਦੇ ਹੇਠਾਂ ਕਰਵਾਈ ਗਈ।

ਮੌਕ ਡਰਿੱਲ ਦੀ ਸ਼ੁਰੂਆਤ ਸਾਇਰਨ ਵਜਾਉਣ ਨਾਲ ਹੋਈ, ਜਿਸ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਤੁਰੰਤ ਨਿਰਧਾਰਤ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰਕੇ ਬਲੈਕਆਊਟ ਕੀਤਾ ਗਿਆ। ਕਰੀਬ 10 ਮਿੰਟ ਦੇ ਬਲੈਕਆਊਟ ਤੋਂ ਬਾਅਦ ਮੌਕ ਡਰਿੱਲ ਵਾਲੀ ਥਾਂ ‘ਤੇ ਸੰਭਾਵੀ ਆਫ਼ਤ ਦੌਰਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਕਾਰਵਾਈਆਂ ਦਾ ਅਭਿਆਸ ਕੀਤਾ ਗਿਆ।

ਇਸ ਦੌਰਾਨ ਅੱਗ ਬੁਝਾਉਣ, ਖੋਜ ਅਤੇ ਬਚਾਅ ਕਾਰਜ, ਮੁੱਢਲੀ ਸਹਾਇਤਾ, ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ, ਟ੍ਰੈਫਿਕ ਅਤੇ ਭੀੜ ਨੂੰ ਨਿਯੰਤਰਿਤ ਕਰਨ ਸਮੇਤ ਹੋਰ ਐਮਰਜੈਂਸੀ ਪ੍ਰਬੰਧਾਂ ਦਾ ਅਭਿਆਸ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਆਪਸੀ ਤਾਲਮੇਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਕਾਰਜਪ੍ਰਣਾਲੀ ਦਾ ਪ੍ਰਦਰਸ਼ਨ ਕੀਤਾ।

ਜ਼ਖ਼ਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਵਲ ਸਰਜਨ ਪਟਿਆਲਾ ਵੱਲੋਂ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ, ਪਟਿਆਲਾ ਵਿਖੇ ਆਰਜ਼ੀ ਵਾਰਡ ਵੀ ਤਿਆਰ ਕੀਤਾ ਗਿਆ। ਇਸ ਕਾਰਵਾਈ ਦੌਰਾਨ ਰੈੱਡ ਕਰਾਸ ਅਤੇ 108 ਐਂਬੂਲੈਂਸ ਸੇਵਾ ਦੀ ਵੀ ਵਰਤੋਂ ਕੀਤੀ ਗਈ, ਤਾਂ ਜੋ ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣ ਅਤੇ ਹਸਪਤਾਲ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਦਾ ਅਭਿਆਸ ਕੀਤਾ ਜਾ ਸਕੇ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪੂਰੀ ਮੌਕ ਡਰਿੱਲ ਦੌਰਾਨ ਆਮ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਸੰਭਾਵੀ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਖੁਦ ਨੂੰ ਤਿਆਰ ਰੱਖਣ ਅਤੇ ਸਿਵਲ ਡਿਫੈਂਸ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਕੇ ਐਮਰਜੈਂਸੀ ਦੌਰਾਨ ਆਪਣੀ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਜਾਨ ਦੀ ਰੱਖਿਆ ਕਰਨ ਸਬੰਧੀ ਜ਼ਰੂਰੀ ਜਾਣਕਾਰੀ ਅਤੇ ਸਿਖਲਾਈ ਹਾਸਲ ਕਰਨ।
ਇਸ ਅਭਿਆਸ ਵਿੱਚ ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ, ਰੈੱਡ ਕਰਾਸ, ਡੀ.ਸੀ.ਡਬਲਯੂ., ਐਨ.ਸੀ.ਸੀ., ਐਨ.ਐਸ.ਐਸ., ਪੀ.ਐਸ.ਪੀ.ਸੀ.ਐਲ. ਅਤੇ ਪੰਜਾਬ ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here