ਲੁਧਿਆਣਾ, 27 ਨਵੰਬਰ (000) –
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਰਾਜ ਵਿਚ ਸ਼ੋਭਾ ਯਾਤਰਾ ਕਰਵਾਈ ਜਾ ਰਹੀ ਹੈ ਜਿਸਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਵੱਲੋਂ ਪਹਿਲਾਂ ਹੀ ਤਿਆਰੀਆਂ ਵਿੱਢੀਆਂ ਜਾ ਚੁੱਕੀਆਂ ਹਨ।
ਡਿਵੀਜਨਲ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਆਈ ਏ ਐਸ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਅਗਰਵਾਲ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਅਮਿਤ ਬੈਂਬੀ ਦੇ ਨਾਲ ਨਗਰ ਨਿਗਮ, ਪੁਲਿਸ ਵਿਭਾਗ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਸ਼ੋਭਾ ਯਾਤਰਾ ਲੁਧਿਆਣਾ ਵਿਖੇ 2 ਦਸੰਬਰ ਨੂੰ ਦੀ ਰਾਤ ਜਗਰਾਉਂ ਹੁੰਦਿਆਂ ਲੁਧਿਆਣਾ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ 2 ਦਸੰਬਰ ਦੀ ਰਾਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰੁਕੇਗੀ ਅਤੇ ਅਗਲੀ ਸਵੇਰ 03 ਦਸੰਬਰ ਨੂੰ ਲੁਧਿਆਣਾ ਤੋਂ ਰਵਾਨਾ ਹੋ ਕੇ ਫਗਵਾੜਾ-ਕਪੂਰਥਲਾ ਤੋਂ ਹੁੰਦੀ ਹੋਈ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗੀ।
ਡਿਪਟੀ ਕਮਿਸ਼ਨਰ ਅਗਰਵਾਲ ਵੱਲੋਂ ਮੀਟਿੰਗ ਦੌਰਾਨ ਪਾਲਕੀ ਸਾਹਿਬ ਦੇ ਰੂਟ ’ਤੇ ਸਫ਼ਾਈ, ਸਜਾਵਟ, ਰੋਸ਼ਨੀ, ਟ੍ਰੈਫ਼ਿਕ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸੁਵਿਧਾ, ਮੈਡੀਕਲ ਸਹੂਲਤ, ਸੁਰੱਖਿਆ ਪ੍ਰਬੰਧ ਅਤੇ ਭੀੜ ਪ੍ਰਬੰਧਨ ਨਾਲ ਜੁੜੇ ਮੁੱਖ ਬਿੰਦੂਆਂ ’ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਹਰ ਹੀਲੇ ਯਕੀਨੀ ਬਣਾਇਆ ਜਾਵੇ ਕਿ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ ਕਿਸੇ ਵੀ ਤਰਾ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਗੁਰੂਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪਾਰਕਿੰਗ, ਸ਼ਰਧਾਲੂਆਂ ਲਈ ਲੰਗਰ ਦੀ ਵਿਵਸਥਾ, ਕੰਬਲ, ਸਾਫ-ਸੁਥਰੇ ਵਿਸਤਰੇ, ਨਹਾਉਣ ਲਈ ਗਰਮ ਪਾਣੀ, ਪਖਾਨਿਆਂ ਦੀ ਸਾਫ ਸਫਾਈ ਨੂੰ ਯਕੀਨੀ ਬਣਾਉਣ ਵਿੱਚ ਕੋਈ ਕੋਤਾਹੀ ਨਾ ਹੋਵੇ।
ਉਨ੍ਹਾਂ ਨਗਰ ਨਿਗਮ/ਕੌਂਸਲ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਪੱਸ਼ਟ ਕੀਤਾ ਕਿ ਸ਼ੋਭਾ ਯਾਤਰਾ ਦੇ ਰੂਟ ਨੇ ਕੂੜੇ ਦੇ ਢੇਰ ਨਾ ਹੋਣ, ਕਿਸੇ ਵੀ ਤਰ੍ਹਾਂ ਦੀਆਂ ਲਟਕਦੀਆਂ ਤਾਰਾਂ ਨੂੰ ਦਰੁਸਤ ਕਰਵਾਇਆ ਜਾਵੇ, ਰੁੱਖਾਂ ਦੀ ਛੰਗਾਈ ਅਗਾਉਂ ਕਰ ਲਈ ਜਾਵੇ।
ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਵੱਲੋਂ ਪੁਲਿਸ, ਨਗਰ ਨਿਗਮ, ਲੋਕ ਨਿਰਮਾਣ ਵਿਭਾਗ , ਵਾਟਰ ਸਪਲਾਈ, ਫੋਰੈਸਟ ਵਿਭਾਗ, ਫਾਇਰ ਬ੍ਰਿਗੇਡ, ਪਬਲਿਕ ਹੈਲਥ, ਐਮਰਜੈਂਸੀ ਸਰਵਿਸਜ਼ ਅਤੇ ਐਸ.ਡੀ.ਐਮਜ਼ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ। ਪੁਲਿਸ ਵਿਭਾਗ ਨੂੰ ਟ੍ਰੈਫ਼ਿਕ ਡਾਇਵਰਜ਼ਨ, ਸੁਰੱਖਿਆ ਘੇਰਾ ਅਤੇ ਰੂਟ ਪਲਾਨ ਸਬੰਧੀ ਖਾਸ ਤਿਆਰੀਆਂ ਕਰਨ ਲਈ ਕਿਹਾ ਗਿਆ। ਨਗਰ ਨਿਗਮ ਨੂੰ ਸਫ਼ਾਈ ਮੁਹਿੰਮ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਰੂਟ ’ਤੇ ਖਾਸ ਤੌਰ ’ਤੇ ਵਾਧੂ ਕਰਮਚਾਰੀ ਤੈਨਾਤ ਕਰਨ ਦੇ ਆਦੇਸ਼ ਦਿੱਤੇ ਗਏ। ਪਬਲਿਕ ਹੈਲਥ ਅਤੇ ਵਾਟਰ ਸਪਲਾਈ ਵਿਭਾਗਾਂ ਨੂੰ ਸਾਫ਼ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ।
ਲੋਕ ਨਿਰਮਾਣ ਵਿਭਾਗ ਵੱਲੋਂ ਰੂਟ ’ਤੇ ਸੜਕਾਂ ਦੀ ਮੁਰੰਮਤ ਅਤੇ ਜ਼ਰੂਰੀ ਸੁਧਾਰ ਕੰਮ ਤੁਰੰਤ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਫਾਇਰ ਬ੍ਰਿਗੇਡ ਨੂੰ ਐਮਰਜੈਂਸੀ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਲਈ ਅਲਰਟ ਰਹਿਣ ਅਤੇ ਰੂਟ ’ਤੇ ਸਟੈਂਡਬਾਈ ਗੱਡੀਆਂ ਤੈਨਾਤ ਕਰਨ ਲਈ ਕਿਹਾ ਗਿਆ।
ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਨੇ ਯਕੀਨ ਦਵਾਇਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾ ਦਾ ਸਮਾਗਮ ਪੂਰੇ ਆਦਰ-ਸਤਿਕਾਰ ਨਾਲ ਮਨਾਇਆ ਜਾਵੇਗਾ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।



