ਸੂਬੇ ਦੇ 17 ਜ਼ਿਲ੍ਹਿਆਂ ਵਿੱਚ ਚੱਲ ਰਹੇ ਆਧਾਰ ਸੇਵਾ ਕੇਂਦਰਾਂ ਵਿੱਚ ਮਿਲਣਗੀਆਂ ਆਧਾਰ ਨਾਲ ਸਬੰਧਤ ਵੱਖ-ਵੱਖ ਸਹੂਲਤਾਂ, ਨਵੇਂ ਆਧਾਰ ਨਾਮਾਂਕਣ ਦੀ ਸੇਵਾ ਪੂਰੀ ਤਰ੍ਹਾਂ ਮੁਫ਼ਤ
ਚੰਡੀਗੜ੍ਹ, 25 ਨਵੰਬਰ – ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤਰੀ ਦਫ਼ਤਰ, ਚੰਡੀਗੜ੍ਹ ਵੱਲੋਂ ਹਰਿਆਣਾ ਦੇ ਨਾਗਰਿਕਾਂ ਨੂੰ ਆਧਾਰ ਸੇਵਾਵਾਂ ਸੁਖਾਲੇ ਢੰਗ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬੇ ਵਿੱਚ 17 ਆਧਾਰ ਸੇਵਾ ਕੇਂਦਰ (ASK) ਚਲਾਏ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਰਾਹੀਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਆਧਾਰ ਨਾਲ ਸਬੰਧਤ ਸੇਵਾਵਾਂ ਉਨ੍ਹਾਂ ਦੇ ਨੇੜੇ ਹੀ ਉਪਲਬਧ ਹੋ ਰਹੀਆਂ ਹਨ। ਇਸ ਨਾਲ ਨਾਗਰਿਕਾਂ ਨੂੰ ਆਧਾਰ ਨਾਲ ਸਬੰਧਤ ਆਮ ਕੰਮਾਂ ਲਈ ਬੇਲੋੜੇ ਤੌਰ ’ਤੇ UIDAI ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਤੱਕ ਆਉਣ ਦੀ ਲੋੜ ਨਹੀਂ ਪਵੇਗੀ।
UIDAI ਵੱਲੋਂ ਸਥਾਪਤ ਕੀਤੇ ਇਹ ਆਧਾਰ ਸੇਵਾ ਕੇਂਦਰ ਹਿਸਾਰ, ਗੁਰੂਗ੍ਰਾਮ, ਸੋਨੀਪਤ, ਯਮੁਨਾਨਗਰ, ਅੰਬਾਲਾ, ਕੁਰੂਕਸ਼ੇਤਰ, ਫਤਿਹਾਬਾਦ, ਸਿਰਸਾ, ਕੈਥਲ, ਭਿਵਾਨੀ, ਪਾਣੀਪਤ, ਮੇਵਾਤ (ਨੂਹ), ਜੀਂਦ, ਝੱਜਰ, ਕਰਨਾਲ, ਰੋਹਤਕ ਅਤੇ ਪਲਵਲ ਵਿੱਚ ਸਥਿਤ ਹਨ। ਇਨ੍ਹਾਂ ਕੇਂਦਰਾਂ ਦਾ ਉਦੇਸ਼ ਨਾਗਰਿਕਾਂ ਨੂੰ ਆਧਾਰ ਸੇਵਾਵਾਂ ਲਈ ਵਾਧੂ ਸਹੂਲਤ ਅਤੇ ਆਸਾਨ ਪਹੁੰਚ ਮੁਹੱਈਆ ਕਰਵਾਉਣਾ ਹੈ। ਨਾਗਰਿਕ ਆਪਣੇ ਰਿਹਾਇਸ਼ੀ ਸਥਾਨ ਦੇ ਨੇੜੇ ਸਥਿਤ ਆਧਾਰ ਸੇਵਾ ਕੇਂਦਰ ਵਿਖੇ ਜਾ ਕੇ ਆਪਣੀ ਸਹੂਲਤ ਅਨੁਸਾਰ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਹ ਕੇਂਦਰ ਪਹਿਲਾਂ ਤੋਂ ਚੱਲ ਰਹੇ ਹੋਰ ਆਧਾਰ ਨਾਮਾਂਕਣ ਅਤੇ ਅਪਡੇਟ ਕੇਂਦਰਾਂ ਤੋਂ ਇਲਾਵਾ ਵਾਧੂ ਸਹੂਲਤ ਕੇਂਦਰਾਂ ਵਜੋਂ ਕੰਮ ਕਰ ਰਹੇ ਹਨ।
ਹਿਸਾਰ ਦਾ ਆਧਾਰ ਸੇਵਾ ਕੇਂਦਰ SCO-43, ਪਹਿਲੀ ਮੰਜ਼ਿਲ, ਸੈਕਟਰ-13, ਮੇਨ ਪਾਰਕਿੰਗ, ਤੋਸ਼ਾਮ ਰੋਡ, ਡਾਬਚੌਕ ਦੇ ਨੇੜੇ ਸਥਿਤ ਹੈ। ਗੁਰੂਗ੍ਰਾਮ ਵਿੱਚ ਇਹ ਪਲਾਟ ਨੰਬਰ 804, ਪਹਿਲੀ ਮੰਜ਼ਿਲ, ਚੱਕਰਪੁਰ ਮੇਨ ਮਾਰਕੀਟ ਰੋਡ, ਸਰਸਵਤੀ ਵਿਹਾਰ, ਹਾਊਸਿੰਗ ਬੋਰਡ ਕਾਲੋਨੀ ਵਿੱਚ ਹੈ। ਸੋਨੀਪਤ ਵਿੱਚ U-38, ਓਲਡ ਮਹਾਵੀਰ ਕਾਲੋਨੀ, ਪੁਰਖਾਸ ਰੋਡ, HP ਪੈਟਰੋਲ ਪੰਪ ਦੇ ਨੇੜੇ, ਯਮੁਨਾਨਗਰ ਵਿੱਚ SCO ਨੰਬਰ 3/4, ਆਨੰਦ ਕਾਲੋਨੀ, ਗਾਬਾ ਹਸਪਤਾਲ ਦੇ ਨੇੜੇ, ਅੰਬਾਲਾ ਵਿੱਚ SCO-19, ਹੁੱਡਾ ਸ਼ਾਪਿੰਗ ਕੰਪਲੈਕਸ, ਸੈਕਟਰ-9 ਅਤੇ ਕੁਰੂਕਸ਼ੇਤਰ ਵਿੱਚ SCO-94, ਸੈਕਟਰ-17, ਹੁੱਡਾ ਵਿਖੇ ਆਧਾਰ ਸੇਵਾ ਕੇਂਦਰ ਚੱਲ ਰਹੇ ਹਨ।
ਇਸੇ ਤਰ੍ਹਾਂ ਫਤਿਹਾਬਾਦ ਵਿੱਚ ਸਟ੍ਰੀਟ ਨੰਬਰ-3, ਸੂਰਿਆ ਐਨਕਲੇਵ, ਬੈਂਕ ਆਫ਼ ਮਹਾਰਾਸ਼ਟਰ ਦੇ ਨੇੜੇ, ਸਿਰਸਾ ਵਿੱਚ ਓਲਡ ਕੋਰਟ ਕਾਲੋਨੀ, ਟ੍ਰੈਫਿਕ ਥਾਣੇ ਦੇ ਸਾਹਮਣੇ, ਕੈਥਲ ਵਿੱਚ ਮੱਧ ਮਾਰਗ, ਨਹਿਰੂ ਗਾਰਡਨ ਕਾਲੋਨੀ, ਗਲੀ ਨੰਬਰ-8 ਦੇ ਨੇੜੇ, ਭਿਵਾਨੀ ਵਿੱਚ SCO-3, ਹੁੱਡਾ ਮਾਰਕੀਟ ਅਤੇ ਪਾਣੀਪਤ ਵਿੱਚ ਜਾਟਲ ਰੋਡ, ਸੰਜੇ ਚੌਕ ਦੇ ਨੇੜੇ ਆਧਾਰ ਸੇਵਾ ਕੇਂਦਰ ਸਥਿਤ ਹਨ। ਨੂਹ (ਮੇਵਾਤ) ਵਿੱਚ ਦਿੱਲੀ-ਅਲਵਰ ਰੋਡ, ਬਾਲਾਜੀ ਪੈਟਰੋਲ ਪੰਪ ਦੇ ਸਾਹਮਣੇ, ਹਿਦਾਇਤ ਕਾਲੋਨੀ, ਜੀਂਦ ਵਿੱਚ SCO-191, ਡਿਸਟ੍ਰਿਕਟ ਸ਼ਾਪਿੰਗ ਸੈਂਟਰ, LIC ਦਫ਼ਤਰ ਅਤੇ ਜ਼ਿਲ੍ਹਾ ਅਦਾਲਤ ਦੇ ਨੇੜੇ, ਝੱਜਰ ਵਿੱਚ ਰੋਹਤਕ ਰੋਡ, ਭਗਤ ਸਿੰਘ ਚੌਕ ਦੇ ਨੇੜੇ, ਕਰਨਾਲ ਵਿੱਚ SCO-40, ਸੈਕਟਰ-6 ਮੇਨ ਮਾਰਕੀਟ ਰੋਡ, ਰੋਹਤਕ ਵਿੱਚ ਪੈਸਿਫਿਕ ਸਿਟੀ ਸੈਂਟਰ, ਜਾਟ ਭਵਨ ਦੇ ਨੇੜੇ ਅਤੇ ਪਲਵਲ ਵਿੱਚ ਸਿਵਲ ਲਾਈਨਜ਼ ਕਾਲੋਨੀ, ਮਥੁਰਾ ਰੋਡ ’ਤੇ ਆਧਾਰ ਸੇਵਾ ਕੇਂਦਰ ਉਪਲਬਧ ਹਨ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ’ਤੇ ਨਾਗਰਿਕਾਂ ਨੂੰ ਨਵਾਂ ਆਧਾਰ ਬਣਵਾਉਣ, ਨਾਮ, ਪਤਾ, ਜਨਮ ਮਿਤੀ ਅਤੇ ਲਿੰਗ ਵਰਗੇ ਜਨਸੰਖਿਆ ਸਬੰਧੀ ਵੇਰਵਿਆਂ ਵਿੱਚ ਸੋਧ ਕਰਵਾਉਣ, ਬਾਇਓਮੈਟ੍ਰਿਕ ਅਪਡੇਟ ਅਤੇ UIDAI ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਧਾਰ ਨਾਲ ਸਬੰਧਤ ਹੋਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਨਵਾਂ ਆਧਾਰ ਬਣਵਾਉਣ ਦੀ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਹੈ, ਜਦੋਂਕਿ ਹੋਰ ਸੇਵਾਵਾਂ ਲਈ, ਜਿੱਥੇ ਲਾਗੂ ਹੋਵੇ, UIDAI ਵੱਲੋਂ ਨਿਰਧਾਰਤ ਫੀਸ ਲਈ ਜਾਂਦੀ ਹੈ।
ਇਹ ਆਧਾਰ ਸੇਵਾ ਕੇਂਦਰ ਹਰ ਉਮਰ ਵਰਗ ਦੇ ਨਾਗਰਿਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਦਿਵਿਆਂਗਜਨਾਂ ਲਈ ਵੀ ਸੁਗਮ, ਸਮਾਵੇਸ਼ੀ ਅਤੇ ਸੁਵਿਧਾਜਨਕ ਮਾਹੌਲ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਆਧਾਰ ਨਾਲ ਸਬੰਧਤ ਕੰਮ ਕਰਵਾਉਣ ਲਈ ਹੋਰ ਸੁਵਿਧਾਜਨਕ ਵਿਕਲਪ ਮਿਲ ਰਹੇ ਹਨ।
UIDAI ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਵਿੱਚ ਕਿਸੇ ਵਿਸ਼ੇਸ਼ ਕੰਮ ਲਈ ਜਾਣ ਵਾਲੇ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਯਾਤਰਾ ਤੋਂ 10 ਤੋਂ 15 ਦਿਨ ਪਹਿਲਾਂ ਆਨਲਾਈਨ ਅਪਾਇੰਟਮੈਂਟ ਜ਼ਰੂਰ ਬੁੱਕ ਕਰ ਲੈਣ। ਇਸ ਲਈ UIDAI ਦੇ ਅਪਾਇੰਟਮੈਂਟ ਪੋਰਟਲ https://sewa.uidai.gov.in ’ਤੇ ਜਾ ਕੇ ਪਹਿਲਾਂ ਤੋਂ ਸਮਾਂ ਲਿਆ ਜਾ ਸਕਦਾ ਹੈ। ਇਸ ਨਾਲ ਨਾਗਰਿਕ ਆਪਣੀ ਯਾਤਰਾ ਦੀ ਬਿਹਤਰ ਯੋਜਨਾ ਬਣਾ ਸਕਣਗੇ ਅਤੇ ਦਫ਼ਤਰ ਵਿੱਚ ਸੁਚਾਰੂ ਢੰਗ ਨਾਲ ਸੇਵਾਵਾਂ ਦਾ ਲਾਭ ਲੈ ਸਕਣਗੇ।
UIDAI ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਦੀ ਇਸ ਪਹਿਲ ਦਾ ਉਦੇਸ਼ ਨਾਗਰਿਕ-ਕੇਂਦਰਿਤ ਸੇਵਾਵਾਂ ਨੂੰ ਉਤਸ਼ਾਹਿਤ ਕਰਨਾ, ਆਧਾਰ ਸਹੂਲਤਾਂ ਦੀ ਪਹੁੰਚ ਆਸਾਨ ਬਣਾਉਣਾ ਅਤੇ ਆਮ ਲੋਕਾਂ ਦਾ ਸਮਾਂ ਅਤੇ ਬੇਲੋੜੀ ਯਾਤਰਾ ਬਚਾਉਣਾ ਹੈ।



