HomeHaryana Newsਹਰਿਆਣਾ ਵਿੱਚ ਵਿਸ਼ਵ ਪੱਧਰੀ ਨਿਵੇਸ਼ ਨੂੰ ਮਿਲੇਗੀ ਨਵੀਂ ਗਤੀ: ਮੁੱਖ ਮੰਤਰੀ ਨਾਇਬ...

ਹਰਿਆਣਾ ਵਿੱਚ ਵਿਸ਼ਵ ਪੱਧਰੀ ਨਿਵੇਸ਼ ਨੂੰ ਮਿਲੇਗੀ ਨਵੀਂ ਗਤੀ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਉੱਚ-ਪੱਧਰੀ ਵਫ਼ਦ ਜਾਵੇਗਾ ਯੂ.ਕੇ. ਅਤੇ ਜਰਮਨੀ ਦੌਰੇ ‘ਤੇ

28 ਨਵੰਬਰ ਤੋਂ 5 ਦਸੰਬਰ ਤੱਕ ਪ੍ਰਮੁੱਖ ਉਦਯੋਗਪਤੀਆਂ, ਵਿਸ਼ਵ ਪੱਧਰੀ ਨਿਵੇਸ਼ਕਾਂ, ਨਾਮਵਰ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨਾਲ ਹੋਣਗੀਆਂ ਅਹਿਮ ਮੀਟਿੰਗਾਂ

ਵਪਾਰ, ਨਿਵੇਸ਼, ਸਿੱਖਿਆ, ਹੁਨਰ ਵਿਕਾਸ ਅਤੇ ਏ.ਆਈ. ਤਕਨਾਲੋਜੀ ‘ਤੇ ਸਹਿਯੋਗ ਬਾਰੇ ਹੋਵੇਗੀ ਚਰਚਾ, ਜਰਮਨੀ ਵਿੱਚ ਹੋਵੇਗਾ ਹਰਿਆਣਾ ਦਾ ਸਟੇਟ ਰੋਡ-ਸ਼ੋਅ

ਚੰਡੀਗੜ੍ਹ, 25 ਨਵੰਬਰ — ਹਰਿਆਣਾ ਵਿੱਚ ਵਿਸ਼ਵ ਪੱਧਰੀ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਸੂਬੇ ਨੂੰ ਅੰਤਰਰਾਸ਼ਟਰੀ ਉਦਯੋਗਿਕ ਤੇ ਨਿਵੇਸ਼ ਦੇ ਨਕਸ਼ੇ ‘ਤੇ ਹੋਰ ਮਜ਼ਬੂਤ ਪਛਾਣ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਇੱਕ ਉੱਚ-ਪੱਧਰੀ ਵਫ਼ਦ 28 ਨਵੰਬਰ ਤੋਂ 5 ਦਸੰਬਰ, 2026 ਤੱਕ ਯੂਨਾਈਟਿਡ ਕਿੰਗਡਮ (ਯੂ.ਕੇ.) ਅਤੇ ਜਰਮਨੀ ਦੇ ਦੌਰੇ ‘ਤੇ ਰਹੇਗਾ। ਇਸ ਦੌਰਾਨ ਵਫ਼ਦ ਪ੍ਰਮੁੱਖ ਵਿਸ਼ਵ ਪੱਧਰੀ ਕੰਪਨੀਆਂ, ਨਿਵੇਸ਼ਕਾਂ, ਨਾਮਵਰ ਯੂਨੀਵਰਸਿਟੀਆਂ, ਖੋਜ ਤੇ ਤਕਨਾਲੋਜੀ ਸੰਸਥਾਵਾਂ ਅਤੇ ਵੱਖ-ਵੱਖ ਖੇਤਰਾਂ ਦੇ ਨੁਮਾਇੰਦਿਆਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰੇਗਾ। ਵਫ਼ਦ ਵਿੱਚ ਉਦਯੋਗ ਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਸਮੇਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਰਹਿਣਗੇ।

ਉਦਯੋਗ ਅਤੇ ਵਣਜ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਸਰਕਾਰ ਸੂਬੇ ਨੂੰ ਵਿਸ਼ਵ ਪੱਧਰੀ ਨਿਵੇਸ਼ ਦੇ ਪ੍ਰਮੁੱਖ ਕੇਂਦਰ ਵਜੋਂ ਸਥਾਪਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਦਿਸ਼ਾ ਵਿੱਚ ਪਹਿਲਾਂ ਵੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਉੱਚ-ਪੱਧਰੀ ਵਫ਼ਦ ਜਾਪਾਨ, ਸਿੰਗਾਪੁਰ ਅਤੇ ਸਵੀਡਨ ਦਾ ਦੌਰਾ ਕਰ ਚੁੱਕਾ ਹੈ। ਇਨ੍ਹਾਂ ਦੌਰਿਆਂ ਦੌਰਾਨ ਵੱਖ-ਵੱਖ ਕੰਪਨੀਆਂ ਨਾਲ ਨਿਵੇਸ਼, ਉਦਯੋਗਿਕ ਸਹਿਯੋਗ ਅਤੇ ਭਾਈਵਾਲੀ ਨੂੰ ਲੈ ਕੇ ਐਮ.ਓ.ਯੂ.  ‘ਤੇ ਦਸਤਖ਼ਤ ਕੀਤੇ ਗਏ ਹਨ ਅਤੇ ਲਗਭਗ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਮਹੱਤਵਪੂਰਨ ਪ੍ਰਸਤਾਵਾਂ ‘ਤੇ ਨਿਵੇਸ਼ ਲਈ ਸਹਿਮਤੀ ਬਣੀ ਹੈ। ਇਸੇ ਕੜੀ ਤਹਿਤ ਹੁਣ ਵਫ਼ਦ ਯੂਨਾਈਟਿਡ ਕਿੰਗਡਮ (ਯੂ.ਕੇ.) ਅਤੇ ਜਰਮਨੀ ਦੇ ਦੌਰੇ ‘ਤੇ ਜਾ ਰਿਹਾ ਹੈ।

ਵਪਾਰ, ਨਿਵੇਸ਼, ਸਿੱਖਿਆ, AI ਅਤੇ ਸਵੱਛ ਊਰਜਾ ਦੇ ਖੇਤਰ ਵਿੱਚ ਸਹਿਯੋਗ ਵਧਾਉਣ ‘ਤੇ ਹੋਵੇਗਾ ਫੋਕਸ

ਡਾ. ਅਮਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਯੂ.ਕੇ. ਦੌਰੇ ਦੌਰਾਨ ਵਫ਼ਦ ਵੱਖ-ਵੱਖ ਬਿਜ਼ਨਸ ਲੀਡਰਾਂ, ਵਿਸ਼ਵ ਪੱਧਰੀ ਨਿਵੇਸ਼ਕਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰੇਗਾ। ਇਸ ਤੋਂ ਇਲਾਵਾ, ਸੀ.ਆਈ.ਆਈ. ਦੇ ਵਫ਼ਦ ਨਾਲ ਵੀ ਹਰਿਆਣਾ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਅਤੇ ਉਦਯੋਗਿਕ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਜਾਵੇਗੀ। ਮੁੱਖ ਮੰਤਰੀ ਹਰਿਆਣਾ ਮੂਲ ਦੇ ਪ੍ਰਵਾਸੀ ਭਾਰਤੀਆਂ ਨਾਲ ਵੀ ਸੰਵਾਦ ਕਰਨਗੇ ਅਤੇ ਉਨ੍ਹਾਂ ਨੂੰ ਸੂਬੇ ਦੀ ਵਿਕਾਸ ਯਾਤਰਾ ਨਾਲ ਜੁੜਨ ਤੇ ਹਰਿਆਣਾ ਵਿੱਚ ਨਿਵੇਸ਼ ਰਾਹੀਂ ਰਾਜ ਦੀ ਆਰਥਿਕ ਤਰੱਕੀ ਵਿੱਚ ਹਿੱਸੇਦਾਰ ਬਣਨ ਲਈ ਸੱਦਾ ਦੇਣਗੇ।

ਉਨ੍ਹਾਂ ਦੱਸਿਆ ਕਿ 30 ਨਵੰਬਰ ਅਤੇ 1 ਦਸੰਬਰ ਨੂੰ ਮੁੱਖ ਮੰਤਰੀ ਵੱਖ-ਵੱਖ ਪ੍ਰਮੁੱਖ ਉਦਯੋਗਾਂ, ਕੰਪਨੀਆਂ ਅਤੇ ਵਿਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਨ-ਟੂ-ਵਨ ਮੀਟਿੰਗਾਂ ਕਰਨਗੇ। ਇਸ ਦੇ ਨਾਲ ਹੀ ਭਾਰਤ-ਯੂ.ਕੇ. ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (CETA) ਦੇ ਤਹਿਤ ਵੱਖ-ਵੱਖ ਖੇਤਰਾਂ ਵਿੱਚ ਵਪਾਰ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵਿਸ਼ੇਸ਼ ਗੋਲਮੇਜ਼ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਮੀਟਿੰਗਾਂ ਵਿੱਚ ਸਿੱਖਿਆ, ਹੁਨਰ ਵਿਕਾਸ ਅਤੇ ਕਿੱਤਾਮੁਖੀ ਸਿਖਲਾਈ ਵਰਗੇ ਅਹਿਮ ਵਿਸ਼ਿਆਂ ‘ਤੇ ਵੀ ਵਿਸਥਾਰਪੂਰਵਕ ਚਰਚਾ ਹੋਵੇਗੀ ਅਤੇ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ। ਮੁੱਖ ਮੰਤਰੀ ਯੂ.ਕੇ. ਦੇ ਸੰਸਦ ਮੈਂਬਰਾਂ ਅਤੇ ਹੋਰ ਪ੍ਰਮੁੱਖ ਨੁਮਾਇੰਦਿਆਂ ਨੂੰ ਹਰਿਆਣਾ ਆਉਣ ਅਤੇ ਅਪ੍ਰੈਲ 2027 ਵਿੱਚ ਪ੍ਰਸਤਾਵਿਤ ਗਲੋਬਲ ਇਨਵੈਸਟਰਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦਾ ਦੇਣਗੇ।

ਮੁੱਖ ਮੰਤਰੀ ਇਸ ਦੌਰਾਨ ਯੂਨੀਵਰਸਿਟੀ ਆਫ਼ ਕੈਂਬਰਿਜ ਦੇ ਸੈਂਟਰ ਫਾਰ ਸਾਇੰਸ ਐਂਡ ਪਾਲਿਸੀ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ, ਯੂਨੀਵਰਸਿਟੀ ਆਫ਼ ਆਕਸਫੋਰਡ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨਾਲ ਸੰਵਾਦ ਕਰਕੇ ਉਨ੍ਹਾਂ ਦੇ ਤਜਰਬਿਆਂ, ਵਿਚਾਰਾਂ ਅਤੇ ਹਰਿਆਣਾ ਦੇ ਵਿਕਾਸ ਵਿੱਚ ਉਨ੍ਹਾਂ ਦੀ ਸੰਭਾਵੀ ਭੂਮਿਕਾ ‘ਤੇ ਚਰਚਾ ਕਰਨਗੇ। ਮੁੱਖ ਮੰਤਰੀ ਕੁਈਨਜ਼ ਐਲਿਜ਼ਾਬੈਥ ਸਕੂਲ, ਬਾਰਨੇਟ ਦਾ ਵੀ ਦੌਰਾ ਕਰਨਗੇ, ਜਿੱਥੇ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਅਤੇ ਹਰਿਆਣਾ ਵਿੱਚ ਵਿਦਿਅਕ ਕੈਂਪਸ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਲੰਡਨ ਵਿੱਚ ਅੰਤਰਰਾਸ਼ਟਰੀ ਗੀਤਾ ਜਯੰਤੀ ਮਹੋਤਸਵ ਵਿੱਚ ਸ਼ਾਮਲ ਹੋਣਗੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਵਿਸ਼ਵ ਮੰਚ ‘ਤੇ ਗੂੰਜੇਗਾ ਗੀਤਾ ਦਾ ਸੰਦੇਸ਼

ਡਾ. ਅਮਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੰਡਨ ਵਿੱਚ ਅੰਤਰਰਾਸ਼ਟਰੀ ਗੀਤਾ ਜਯੰਤੀ ਮਹੋਤਸਵ ਦਾ ਵੀ ਵਿਸ਼ੇਸ਼ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਤੌਰ ‘ਤੇ ਹਿੱਸਾ ਲੈਣਗੇ। ਇਸ ਮੌਕੇ ਹਰਿਆਣਾ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਅਤੇ ਧਰਮਖੇਤਰ-ਕੁਰੂਕਸ਼ੇਤਰ ਦੀ ਮਹੱਤਤਾ ਨੂੰ ਵਿਸ਼ਵ ਪੱਧਰੀ ਮੰਚ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਸ੍ਰੀਮਦ ਭਗਵਦ ਗੀਤਾ ਦੇ ਸਰਬਵਿਆਪੀ ਸੰਦੇਸ਼—ਕਰਮ, ਕਰਤੱਵ ਅਤੇ ਮਾਨਵ ਕਲਿਆਣ—ਨੂੰ ਦੁਨੀਆ ਭਰ ਵਿੱਚ ਫੈਲਾਉਣ ਅਤੇ ਭਾਰਤੀ ਸੱਭਿਆਚਾਰ ਤੇ ਅਧਿਆਤਮਿਕ ਪਰੰਪਰਾਵਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨਵੀਂ ਪਛਾਣ ਦਿਵਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਜਰਮਨੀ ਵਿੱਚ ਹਰਿਆਣਾ ਦਾ ਸਟੇਟ ਰੋਡ-ਸ਼ੋਅ, ਨਿਵੇਸ਼ਕਾਂ ਅਤੇ ਪ੍ਰਮੁੱਖ ਕੰਪਨੀਆਂ ਨਾਲ ਹੋਣਗੀਆਂ ਮੈਰਾਥਨ ਮੀਟਿੰਗਾਂ

ਡਾ. ਅਮਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਜਰਮਨੀ ਦੌਰੇ ਦੌਰਾਨ 2 ਦਸੰਬਰ ਨੂੰ ਹਰਿਆਣਾ ਸਟੇਟ ਰੋਡ-ਸ਼ੋਅ ਆਯੋਜਿਤ ਕੀਤਾ ਜਾਵੇਗਾ। ਇਸ ਰੋਡ-ਸ਼ੋਅ ਰਾਹੀਂ ਹਰਿਆਣਾ ਦੇ ਮਜ਼ਬੂਤ ਉਦਯੋਗਿਕ ਬੁਨਿਆਦੀ ਢਾਂਚੇ, ਨਿਵੇਸ਼ ਪੱਖੀ ਨੀਤੀਆਂ, ਬਿਹਤਰ ਸੰਪਰਕ, ਹੁਨਰਮੰਦ ਮਨੁੱਖੀ ਸਰੋਤਾਂ ਅਤੇ ਨਿਵੇਸ਼ ਦੀਆਂ ਵਿਆਪਕ ਸੰਭਾਵਨਾਵਾਂ ਨੂੰ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਨਿਵੇਸ਼ਕਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੂੰ ਹਰਿਆਣਾ ਸਰਕਾਰ ਦੀਆਂ ਉਦਯੋਗ ਅਤੇ ਨਿਵੇਸ਼ ਪ੍ਰੋਤਸਾਹਨ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਵੱਖ-ਵੱਖ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਅਤੇ ਉਦਯੋਗਿਕ ਇਕਾਈਆਂ ਸਥਾਪਿਤ ਕਰਨ ਲਈ ਸੱਦਾ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ 3 ਦਸੰਬਰ ਨੂੰ ਮੁੱਖ ਮੰਤਰੀ ਜਰਮਨੀ ਦੀ ਨਾਮਵਰ ਖੋਜ ਅਤੇ ਤਕਨਾਲੋਜੀ ਸੰਸਥਾ ਫਰਾਉਨਹੋਫਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਹਰਿਆਣਾ ਵਿੱਚ ਪ੍ਰਸਤਾਵਿਤ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਹੋਵੇਗੀ। ਇਸ ਸਬੰਧ ਵਿੱਚ ਸਮਝੌਤਾ ਪੱਤਰ (MoU) ‘ਤੇ ਵੀ ਦਸਤਖ਼ਤ ਕੀਤੇ ਜਾਣਗੇ। ਪ੍ਰਸਤਾਵਿਤ ਸੈਂਟਰ ਵਿੱਚ ਮਾਈਕ੍ਰੋਇਲੈਕਟ੍ਰੋਨਿਕਸ ਅਤੇ ਐਨਰਜੀ ਸਟੋਰੇਜ ਵਰਗੇ ਅਤਿ-ਆਧੁਨਿਕ ਅਤੇ ਰਣਨੀਤਕ ਮਹੱਤਵ ਵਾਲੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਨਾਲ ਹਰਿਆਣਾ ਵਿੱਚ ਖੋਜ, ਨਵੀਨਤਾ, ਤਕਨੀਕੀ ਵਿਕਾਸ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਹੈ।

ਇਸੇ ਤਰ੍ਹਾਂ, 4 ਅਤੇ 5 ਦਸੰਬਰ ਨੂੰ ਮੁੱਖ ਮੰਤਰੀ ਜਰਮਨੀ ਦੀਆਂ ਵੱਖ-ਵੱਖ ਪ੍ਰਮੁੱਖ ਕੰਪਨੀਆਂ, ਉਦਯੋਗਪਤੀਆਂ ਅਤੇ ਸੰਭਾਵੀ ਨਿਵੇਸ਼ਕਾਂ ਨਾਲ ਵਨ-ਟੂ-ਵਨ ਮੀਟਿੰਗਾਂ ਕਰਨਗੇ। ਇਨ੍ਹਾਂ ਮੀਟਿੰਗਾਂ ਰਾਹੀਂ ਹਰਿਆਣਾ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ, ਉਦਯੋਗਿਕ ਸਹਿਯੋਗ ਅਤੇ ਲੰਬੇ ਸਮੇਂ ਦੀ ਵਪਾਰਕ ਭਾਈਵਾਲੀ ਦੇ ਨਵੇਂ ਮੌਕਿਆਂ ‘ਤੇ ਚਰਚਾ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments