HomePunjabMalerkotlaਨਸ਼ਿਆਂ ਦੇ ਹੌਟਸਪੌਟ ਖੇਤਰਾਂ ਵਿੱਚ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਵਿਸ਼ੇਸ਼ ਚੌਕਸੀ...

ਨਸ਼ਿਆਂ ਦੇ ਹੌਟਸਪੌਟ ਖੇਤਰਾਂ ਵਿੱਚ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਵਿਸ਼ੇਸ਼ ਚੌਕਸੀ ਵਰਤਣ ਮੈਡੀਕਲ ਸਟੋਰ ਸੰਚਾਲਕ : ਡਾ. ਅਮਨ ਸੂਦ

ਡਾਕਟਰੀ ਪਰਚੀ ਤੋਂ ਬਿਨਾਂ ਨਿਰਧਾਰਤ ਦਵਾਈਆਂ ਦੀ ਵਿਕਰੀ ਨਾ ਹੋਵੇ; ਦਵਾਈਆਂ ਦਾ ਮੁਕੰਮਲ ਰਿਕਾਰਡ ਰੱਖਣ ਦੀ ਹਦਾਇਤ

ਮਾਲੇਰਕੋਟਲਾ: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੇ ਹੌਟਸਪੌਟ ਵਜੋਂ  ਜ਼ਿਲ੍ਹੇ ਚ ਪਛਾਣੇ ਗਏ ਸੰਵੇਦਨਸ਼ੀਲ ਖੇਤਰਾਂ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਦਵਾਈਆਂ ਦੀ ਗ਼ੈਰ-ਕਾਨੂੰਨੀ ਵਿਕਰੀ ਅਤੇ ਦੁਰਵਰਤੋਂ ਰੋਕਣ ਲਈ ਮੈਡੀਕਲ ਸਟੋਰ ਸੰਚਾਲਕ ਵਿਸ਼ੇਸ਼ ਚੌਕਸੀ ਵਰਤਣ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਅਮਨ ਸੂਦ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਤਹਿਤ ਮੈਡੀਕਲ ਸਟੋਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਦਵਾਈਆਂ ਦੀ ਵਿਕਰੀ ਲਈ ਡਾਕਟਰੀ ਪਰਚੀ ਲਾਜ਼ਮੀ ਹੈ, ਉਹ ਕੇਵਲ ਰਜਿਸਟਰਡ ਡਾਕਟਰ ਦੀ ਵੈਧ ਪਰਚੀ ਅਨੁਸਾਰ ਹੀ ਦਿੱਤੀਆਂ ਜਾਣ। ਖ਼ਾਸ ਕਰਕੇ ਨੀਂਦ ਦੀਆਂ ਗੋਲੀਆਂ ਅਤੇ ਨਸ਼ੀਲੇ ਪ੍ਰਭਾਵ ਵਾਲੀਆਂ ਦਵਾਈਆਂ ਦੀ ਗ਼ੈਰ-ਕਾਨੂੰਨੀ ਵਿਕਰੀ ਰੋਕਣ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।

          ਡਾ. ਸੂਦ ਨੇ ਹਦਾਇਤ ਕੀਤੀ ਕਿ ਮੈਡੀਕਲ ਸਟੋਰ ਸੰਚਾਲਕ ਦਵਾਈਆਂ ਦੀ ਖ਼ਰੀਦ–ਵੇਚ, ਸਟਾਕ ਅਤੇ ਵਿਕਰੀ ਦਾ ਨਿਯਮਾਂ ਅਨੁਸਾਰ ਮੁਕੰਮਲ ਤੇ ਅਪਡੇਟ ਰਿਕਾਰਡ ਰੱਖਣ। ਦਵਾਈਆਂ ਦੇ ਖ਼ਰੀਦ ਬਿੱਲ, ਲੋੜੀਂਦੀਆਂ ਡਾਕਟਰੀ ਪਰਚੀਆਂ, ਸਟਾਕ ਰਜਿਸਟਰ, ਵੈਧ ਲਾਇਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਜਾਂਚ ਸਮੇਂ ਪੇਸ਼ ਕਰਨ ਲਈ ਉਪਲਬਧ ਹੋਣ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਹੌਟਸਪੌਟ ਖੇਤਰਾਂ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਮੈਡੀਕਲ ਸਟੋਰ ਸੰਚਾਲਕਾਂ ਦੀ ਭੂਮਿਕਾ ਅਹਿਮ ਹੈ। ਦਵਾਈਆਂ ਮਨੁੱਖੀ ਸਿਹਤ ਦੀ ਰਾਖੀ ਲਈ ਹਨ, ਇਨ੍ਹਾਂ ਦੀ ਦੁਰਵਰਤੋਂ ਕਿਸੇ ਨੌਜਵਾਨ ਦੇ ਭਵਿੱਖ ਲਈ ਖ਼ਤਰਾ ਨਹੀਂ ਬਣਨੀ ਚਾਹੀਦੀ। ਸਿਵਲ ਸਰਜਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੁਰੱਖਿਅਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।

ਉਨ੍ਹਾਂ ਮੈਡੀਕਲ ਸਟੋਰ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਦਵਾਈਆਂ ਦੀ ਵਿਕਰੀ ਸਬੰਧੀ ਨਿਯਮਾਂ ਦੀ ਪਾਲਣਾ, ਲੋੜੀਂਦੇ ਮਾਰਗਦਰਸ਼ਨ ਅਤੇ ਜਾਗਰੂਕਤਾ ਲਈ ਸਿਹਤ ਵਿਭਾਗ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਸੰਚਾਲਕਾਂ ਨੂੰ ਆਪਣੀ ਪੇਸ਼ੇਵਰ ਅਤੇ ਸਮਾਜਿਕ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ।

ਇਸ ਮੌਕੇ ਮੈਡੀਕਲ ਸਟੋਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਮਾਨ (ਸੁੱਖੀ), ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ, ਵਿਕਰਮਜੀਤ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments