· ਪੁਲਿਸ ਦੇ ਵਿਹੜੇ ਪਹੁੰਚੇ ਕੁਦਰਤ ਦੇ ਨੰਨ੍ਹੇ ਪਹਿਰੇਦਾਰ; ਭੁਪਿੰਦਰਾ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਦਿੱਤਾ ਵਾਤਾਵਰਣ ਬਚਾਉਣ ਦਾ ਸੱਦਾ
· ਹਵਾ ਵਿੱਚ ਜ਼ਹਿਰ ਨਹੀਂ, ਜ਼ਿੰਦਗੀ ਵਿੱਚ ਨਸ਼ਾ ਨਹੀਂ; ਇਸ ਦੀਵਾਲੀ ਸਿਹਤਮੰਦ ਸਾਹਾਂ ਤੇ ਮਹਿਫ਼ੂਜ਼ ਸੁਪਨਿਆਂ ਦੀ ਸੌਗਾਤ ਦਈਏ : ਐੱਸ.ਐੱਸ.ਪੀ.
ਮਾਲੇਰਕੋਟਲਾ: ਤਿਉਹਾਰਾਂ ਦੀ ਅਸਲ ਰੂਹ ਕੰਨ ਪਾੜਵੇਂ ਧਮਾਕਿਆਂ ਜਾਂ ਅਸਮਾਨ ਵਿੱਚ ਫੈਲਦੇ ਧੂੰਏਂ ਦੀ ਮੁਥਾਜ ਨਹੀਂ ਹੁੰਦੀ। ਖ਼ੁਸ਼ੀਆਂ ਦਾ ਸਭ ਤੋਂ ਸੁੱਚਾ ਰੂਪ ਉਹ ਹੈ, ਜਿਹੜਾ ਕਿਸੇ ਦੇ ਸਾਹਾਂ ਲਈ ਮੁਸੀਬਤ ਨਾ ਬਣੇ, ਕਿਸੇ ਬੇਜ਼ੁਬਾਨ ਦੀ ਸ਼ਾਂਤੀ ਨਾ ਖੋਹੇ ਅਤੇ ਕਿਸੇ ਬੱਚੇ ਦੇ ਸੁਪਨਿਆਂ ਉੱਤੇ ਉਦਾਸੀ ਦਾ ਪਰਛਾਵਾਂ ਨਾ ਪੈਣ ਦੇਵੇ।
ਇਹ ਪ੍ਰੇਰਨਾਮਈ ਸੁਨੇਹਾ ਐੱਸ.ਐੱਸ.ਪੀ. ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਭੁਪਿੰਦਰਾ ਗਲੋਬਲ ਸਕੂਲ, ਬਿੰਜੋਕੀ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਸਾਂਝਾ ਕੀਤਾ। ਗ੍ਰੀਨ ਦੀਵਾਲੀ ਦਾ ਸੁਨੇਹਾ ਲੈ ਕੇ ਜ਼ਿਲ੍ਹਾ ਪੁਲਿਸ ਦਫ਼ਤਰ ਪਹੁੰਚੇ ਬੱਚਿਆਂ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਨੰਨ੍ਹੇ ਹੱਥ ਕੁਦਰਤ ਦੀ ਹਿਫ਼ਾਜ਼ਤ ਦਾ ਬੀੜਾ ਚੁੱਕਦੇ ਹਨ, ਤਾਂ ਸਮਾਜ ਦੇ ਬਿਹਤਰ ਕੱਲ੍ਹ ਦੀਆਂ ਸੰਭਾਵਨਾਵਾਂ ਹੋਰ ਮਜ਼ਬੂਤ ਹੋ ਜਾਂਦੀਆਂ ਹਨ।
ਇਸ ਵਿਦਿਅਕ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜਪ੍ਰਣਾਲੀ, ਵੱਖ-ਵੱਖ ਸ਼ਾਖਾਵਾਂ ਦੀਆਂ ਜ਼ਿੰਮੇਵਾਰੀਆਂ ਅਤੇ ਨਾਗਰਿਕ ਸੁਰੱਖਿਆ ਲਈ ਕੀਤੇ ਜਾਂਦੇ ਉਪਰਾਲਿਆਂ ਤੋਂ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਐਮਰਜੈਂਸੀ ਹੈਲਪਲਾਈਨ 112, ਸਾਈਬਰ ਸੁਰੱਖਿਆ ਅਤੇ ਆਨਲਾਈਨ ਵਿੱਤੀ ਧੋਖਾਧੜੀ ਦੀ ਸ਼ਿਕਾਇਤ ਲਈ ਹੈਲਪਲਾਈਨ 1930 ਦੀ ਮਹੱਤਤਾ ਵੀ ਸਮਝਾਈ ਗਈ।
ਖੱਖ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਦੀਆਂ ਵੱਡੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਮਿਹਨਤ ਦੇ ਨਾਲ ਸੁਚੱਜੀ ਸੋਚ, ਅਨੁਸ਼ਾਸਨ ਅਤੇ ਸੰਵੇਦਨਸ਼ੀਲਤਾ ਵੀ ਜ਼ਰੂਰੀ ਹਨ। ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਨਾਲ ਸਾਂਝ ਪਾਉਣ ਅਤੇ ਡਿਜੀਟਲ ਦੁਨੀਆ ਵਿੱਚ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਮੁਬਾਰਕਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਤਿਉਹਾਰ ਦੀ ਚਮਕ ਅਜਿਹੀ ਨਾ ਹੋਵੇ, ਜਿਹੜੀ ਵਾਤਾਵਰਣ ਦੀ ਰੰਗਤ ਫਿੱਕੀ ਕਰ ਦੇਵੇ। ਉਨ੍ਹਾਂ ਲੋਕਾਂ ਨੂੰ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ, ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਬਜ਼ੁਰਗਾਂ, ਮਰੀਜ਼ਾਂ, ਬੱਚਿਆਂ ਤੇ ਪਸ਼ੂ-ਪੰਛੀਆਂ ਦੀ ਸੰਵੇਦਨਸ਼ੀਲਤਾ ਦਾ ਖ਼ਿਆਲ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਮਾਪਿਆਂ ਨੂੰ ਵਿਸ਼ੇਸ਼ ਤੌਰ ’ਤੇ ਕਿਹਾ ਕਿ ਬੱਚਿਆਂ ਨੂੰ ਸਿਰਫ਼ ਮਹਿੰਗੇ ਤੋਹਫ਼ੇ ਹੀ ਨਹੀਂ, ਸਗੋਂ ਆਪਣਾ ਸਮਾਂ, ਭਰੋਸਾ ਅਤੇ ਸਹੀ ਜੀਵਨ-ਦਿਸ਼ਾ ਵੀ ਦਿੱਤੀ ਜਾਵੇ। ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਪਰਿਵਾਰਕ ਸਾਂਝ ਅਤੇ ਖੁੱਲ੍ਹੀ ਗੱਲਬਾਤ ਬੇਹੱਦ ਅਹਿਮ ਹੈ। ਹਰਕਮਲ ਪ੍ਰੀਤ ਸਿੰਘ ਖੱਖ ਕਿਹਾ ਕਿ ਇਸ ਦੀਵਾਲੀ ਖ਼ੁਸ਼ੀਆਂ ਦਾ ਪੈਮਾਨਾ ਪਟਾਕਿਆਂ ਦੀ ਗਿਣਤੀ ਨਹੀਂ, ਸਗੋਂ ਬਚਾਏ ਗਏ ਸਾਹ, ਸੰਭਾਲੇ ਗਏ ਰਿਸ਼ਤੇ ਅਤੇ ਨਸ਼ਿਆਂ ਤੋਂ ਸੁਰੱਖਿਅਤ ਰੱਖੇ ਗਏ ਸੁਪਨੇ ਬਣਨ। ਇਹੀ ਪ੍ਰਦੂਸ਼ਣ ਰਹਿਤ, ਨਸ਼ਾ ਮੁਕਤ ਅਤੇ ਸੰਵੇਦਨਸ਼ੀਲ ਸਮਾਜ ਦੀ ਸਿਰਜਣਾ ਵੱਲ ਸਾਡੀ ਸਭ ਤੋਂ ਅਰਥਪੂਰਨ ਪਹਿਲ ਹੋਵੇਗੀ।



