• ਬੁਲੰਦ ਹੌਸਲਿਆਂ ਤੇ ਅਣਥੱਕ ਮਿਹਨਤ ਦੀ ਮਿਸਾਲ ਬਣਿਆ ਮੁਹੰਮਦ ਯਾਸਰ : ਵਿਰਾਜ ਐਸ. ਤਿੜਕੇ
• ਨਸ਼ਾ ਮੁਕਤ ਨੌਜਵਾਨੀ ਦੀ ਸਿਰਜਣਾ ਲਈ ਖੇਡ ਮੈਦਾਨਾਂ ਨਾਲ ਜੁੜਨ ਦਾ ਸੱਦਾ; ਯਾਸਰ ਅਗਾਮੀ ਚੋਣਾਂ ਲਈ ਸਵੀਪ ਆਈਕਨ ਨਾਮਜ਼ਦ
ਮਾਲੇਰਕੋਟਲਾ: ਪੰਜਵੀਆਂ ਏਸ਼ੀਅਨ ਪੈਰਾ ਖੇਡਾਂ-2026 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਮਾਣ ਵਧਾਉਣ ਵਾਲੇ ਅਮਰਗੜ੍ਹ ਦੇ ਹੋਣਹਾਰ ਖਿਡਾਰੀ ਮੁਹੰਮਦ ਯਾਸਰ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਵਿਸ਼ੇਸ਼ ਮੁਲਾਕਾਤ ਕਰਕੇ ਨਿੱਘੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਐਸ.ਡੀ.ਐਮ. ਅਮਰਗੜ੍ਹ, ਡਿਪਟੀ ਕਮਿਸ਼ਨਰ ਦਫ਼ਤਰ ਦੇ ਸਟਾਫ਼ ਅਤੇ ਖੇਡ ਪ੍ਰੇਮੀਆਂ ਵੱਲੋਂ ਖਿਡਾਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਸ਼ਾਟਪੁੱਟ ਐੱਫ-46 ਮੁਕਾਬਲੇ ਵਿੱਚ 15.06 ਮੀਟਰ ਗੋਲਾ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਣਾ ਸਮੁੱਚੇ ਜ਼ਿਲ੍ਹੇ ਲਈ ਬੇਹੱਦ ਮਾਣ ਵਾਲੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਮੁਹੰਮਦ ਯਾਸਰ ਨੇ ਸਾਬਤ ਕਰ ਦਿੱਤਾ ਹੈ ਕਿ ਬੁਲੰਦ ਹੌਸਲਿਆਂ, ਅਣਥੱਕ ਮਿਹਨਤ ਅਤੇ ਦ੍ਰਿੜ੍ਹ ਇਰਾਦਿਆਂ ਅੱਗੇ ਹਰ ਚੁਣੌਤੀ ਛੋਟੀ ਪੈ ਜਾਂਦੀ ਹੈ।
ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਯਾਸਰ ਦੀ ਕਾਮਯਾਬੀ ਜ਼ਿਲ੍ਹੇ ਦੇ ਹੋਰਨਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਊਰਜਾ ਖੇਡ ਮੈਦਾਨਾਂ ਵਿੱਚ ਲਗਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਉਪਲਬਧ ਖੇਡ ਸਹੂਲਤਾਂ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਉਪਰਾਲਿਆਂ ਰਾਹੀਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਖਿਡਾਰੀਆਂ ਨੂੰ ਲੋੜੀਂਦਾ ਖੇਡ ਸਾਮਾਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਉਨ੍ਹਾਂ ਮੁਹੰਮਦ ਯਾਸਰ ਨੂੰ ਅਗਾਮੀ ਚੋਣਾਂ ਲਈ ਸਵੀਪ ਆਈਕਨ ਨਾਮਜ਼ਦ ਕੀਤੇ ਜਾਣ ’ਤੇ ਵੀ ਵਧਾਈ ਦਿੱਤੀ ਅਤੇ ਉਸ ਦੇ ਪਿਤਾ ਸੌਦਾਗਰ ਖ਼ਾਨ, ਕੋਚ ਹਰਮਿੰਦਰਪਾਲ ਸਿੰਘ ਘੁੰਮਣ ਅਤੇ ਸਮੁੱਚੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।



