ਮਰਦਾਂਪੁਰ, ਕਪੂਰੀ, ਲੋਹਸਿੰਬਲੀ, ਅਜਰੌਰ, ਮੰਡੌਲੀ ਅਤੇ ਘਨੌਰ ਬੱਸ ਸਟੈਂਡ ਕਲੀਨਿਕਾਂ ਦਾ ਲਿਆ ਜਾਇਜ਼ਾ
ਅੱਧਾ ਦਰਜਨ ਦੇ ਕਰੀਬ ਕਲੀਨਿਕਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਕੀਤਾ ਅਚਨਚੇਤ ਦੌਰਾ
ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਘਨੌਰ ਸਰਕਾਰੀ ਹਸਪਤਾਲ ਅਧੀਨ ਪੈਂਦੇ ਕਰੀਬ ਅੱਧਾ ਦਰਜਨ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ। ਇਸ ਤਹਿਤ ਉਨ੍ਹਾਂ ਪਿੰਡ ਮਰਦਾਂਪੁਰ, ਘਨੌਰ ਬੱਸ ਸਟੈਂਡ, ਕਪੂਰੀ, ਲੋਹਸਿੰਬਲੀ, ਅਜਰੌਰ ਅਤੇ ਮੰਡੌਲੀ ਸਥਿਤ ਕਲੀਨਿਕਾਂ ਵਿੱਚ ਪਹੁੰਚ ਕੇ ਸਿਹਤ ਸੇਵਾਵਾਂ ਦੀ ਜ਼ਮੀਨੀ ਹਕੀਕਤ ਪਰਖੀ। ਨਿਰੀਖਣ ਦੌਰਾਨ ਉਨ੍ਹਾਂ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕਰਕੇ ਮੁਫ਼ਤ ਦਵਾਈਆਂ, ਲੈਬ ਟੈਸਟਾਂ ਅਤੇ ਡਾਕਟਰਾਂ ਦੇ ਵਤੀਰੇ ਬਾਰੇ ਫੀਡਬੈਕ ਹਾਸਲ ਕੀਤੀ। ਚੈਕਿੰਗ ਦੌਰਾਨ ਕੁਝ ਕਲੀਨਿਕਾਂ ਵਿੱਚ ਸਾਫ਼-ਸਫ਼ਾਈ, ਰਿਕਾਰਡ ਦੇ ਰੱਖ-ਰਖਾਅ ਅਤੇ ਪ੍ਰਬੰਧਾਂ ਵਿੱਚ ਨਿੱਕੀਆਂ-ਮੋਟੀਆਂ ਊਣਤਾਈਆਂ ਦੇਖਣ ਨੂੰ ਮਿਲੀਆਂ। ਵਾਈਸ ਚੇਅਰਮੈਨ ਨੇ ਇਨ੍ਹਾਂ ਖਾਮੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ’ਤੇ ਹੀ ਹੱਲ ਕਰਵਾਇਆ। ਉਨ੍ਹਾਂ ਸਟਾਫ਼ ਨੂੰ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਅਜਿਹੀ ਕੋਈ ਵੀ ਲਾਪਰਵਾਹੀ ਸਾਹਮਣੇ ਆਈ ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਸਰਕਾਰ ਦਾ ਮੁੱਖ ਮਕਸਦ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਕੀ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਸਮੇਤ ਪਾਰਟੀ ਲੀਡਰਸ਼ਿਪ ਦੇ ਨਿਰਦੇਸ਼ਾਂ ਅਨੁਸਾਰ ਇਹ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਪੰਜਾਬ ਦੇ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਇੱਕ ਹਮਦਰਦ ਨਾਗਰਿਕ ਅਤੇ ਲੋਕ ਸੇਵਕ ਵਜੋਂ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਹਰ ਸਰਕਾਰੀ ਸਕੀਮ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚੇ।
ਅਚਨਚੇਤ ਚੈਕਿੰਗਾਂ ਦਾ ਸਿਲਸਿਲਾ ਭਵਿੱਖ ਵਿੱਚ ਵੀ ਰਹੇਗਾ ਜਾਰੀ
ਵਾਈਸ ਚੇਅਰਮੈਨ ਨੇ ਦੁਹਰਾਇਆ ਕਿ ਇਹ ਕੋਈ ਰਸਮੀ ਦੌਰਾ ਨਹੀਂ ਸੀ, ਸਗੋਂ ਸਿਹਤ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਹਲਕੇ ਦੇ ਵੱਖ-ਵੱਖ ਸਿਹਤ ਕੇਂਦਰਾਂ ਅਤੇ ਕਲੀਨਿਕਾਂ ਦੀ ਇਸੇ ਤਰ੍ਹਾਂ ਅਚਨਚੇਤ ਚੈਕਿੰਗ ਜਾਰੀ ਰਹੇਗੀ, ਤਾਂ ਜੋ ਸਰਕਾਰੀ ਪ੍ਰਬੰਧਾਂ ਨੂੰ ਹੋਰ ਚੁਸਤ-ਦਰੁਸਤ ਰੱਖਿਆ ਜਾ ਸਕੇ ਅਤੇ ਕਿਸੇ ਵੀ ਮਰੀਜ਼ ਨੂੰ ਖੱਜਲ-ਖ਼ੁਆਰ ਨਾ ਹੋਣਾ ਪਵੇ।





