* 4.62 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦਾ ਅਨੁਮਾਨ; ਜ਼ਿਲ੍ਹੇ ਦੀਆਂ 41 ਮੰਡੀਆਂ ਖਰੀਦ ਕੇਂਦਰਾਂ ਵਜੋਂ ਨਿਰਧਾਰਿਤ
* ਕਿਹਾ,ਸੁੱਕਾ ਤੇ ਮਿਆਰੀ ਝੋਨਾ ਲੈ ਕੇ ਮੰਡੀ ਪੁੱਜਣ ਕਿਸਾਨ, ਪਰਾਲੀ /ਫਸ਼ਲੀ ਰਹਿੰਦ-ਖਹੂਦ ਨੂੰ ਅੱਗ ਦੀ ਭੇਟ ਚੜ੍ਹਾਉਣ ਦੀ ਥਾਂ ਸੁਚੱਜੀ ਸੰਭਾਲ ਨੂੰ ਦੇਣ ਤਰਜੀਹ: ਵਿਰਾਜ ਐਸ. ਤਿੜਕੇ
ਮਲੇਰਕੋਟਲਾ: ਜ਼ਿਲ੍ਹਾ ਮਾਲੇਰਕੋਟਲਾ ਦੀਆਂ ਮੰਡੀਆਂ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਅਤੇ ਕਿਸਾਨਾਂ ਦੀ ਉਪਜ ਬਿਨਾਂ ਕਿਸੇ ਖੱਜਲ-ਖੁਆਰੀ ਦੇ ਖਰੀਦੀ ਜਾ ਸਕੇ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੀਦ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਦੀ ਸਹੂਲਤ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਰੀਬ 4.62 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦਾ ਅਨੁਮਾਨ ਹੈ। ਫ਼ਸਲ ਦੀ ਖਰੀਦ ਲਈ 41 ਮੰਡੀਆਂ ਨੂੰ ਖਰੀਦ ਕੇਂਦਰ ਨਿਰਧਾਰਿਤ ਕੀਤਾ ਗਿਆ ਹੈ। ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਨਾਲ ਬਾਰਦਾਨੇ ਅਤੇ ਖਰੀਦੇ ਝੋਨੇ ਦੀ ਸਮੇਂ ਸਿਰ ਲਿਫਟਿੰਗ ਲਈ ਵੀ ਲੋੜੀਂਦੀ ਵਿਵਸਥਾ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਰੀਦ ਤੋਂ ਲੈ ਕੇ ਲਿਫਟਿੰਗ ਤੱਕ ਸਮੁੱਚੀ ਪ੍ਰਕਿਰਿਆ ’ਤੇ ਪ੍ਰਸ਼ਾਸਨ ਦੀ ਨਿਰੰਤਰ ਨਿਗਰਾਨੀ ਰਹੇਗੀ। ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਮੰਡੀਆਂ ਵਿੱਚ ਆਉਣ ਵਾਲੇ ਕਿਸਾਨ ਨੂੰ ਆਪਣੀ ਫ਼ਸਲ ਵੇਚਣ ਲਈ ਬੇਲੋੜੀ ਉਡੀਕ ਜਾਂ ਕਿਸੇ ਹੋਰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਤਿੜਕੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨਾ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਕਟਾਈ ਕੀਤੀ ਜਾਵੇ ਅਤੇ ਨਿਰਧਾਰਤ ਨਮੀ ਮਾਪਦੰਡਾਂ ਅਨੁਸਾਰ ਸੁੱਕੀ ਫ਼ਸਲ ਹੀ ਮੰਡੀ ਵਿੱਚ ਲਿਆਂਦੀ ਜਾਵੇ। ਮਿਆਰੀ ਅਤੇ ਸੁੱਕੀ ਜਿਣਸ ਆਉਣ ਨਾਲ ਖਰੀਦ ਵਿੱਚ ਤੇਜ਼ੀ ਆਵੇਗੀ ਅਤੇ ਕਿਸਾਨ ਨੂੰ ਵੀ ਮੰਡੀ ਵਿੱਚ ਵਧੇਰੇ ਸਮਾਂ ਨਹੀਂ ਰੁਕਣਾ ਪਵੇਗਾ।
ਉਨ੍ਹਾਂ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਸਮੱਸਿਆ ਨਹੀਂ, ਸਗੋਂ ਸੰਭਾਲਯੋਗ ਸਰੋਤ ਵਜੋਂ ਦੇਖਣ ਦੀ ਲੋੜ ਹੈ। ਕਿਸਾਨ ਉਪਲਬਧ ਮਸ਼ੀਨਰੀ ਅਤੇ ਢੁਕਵੀਆਂ ਤਕਨੀਕਾਂ ਰਾਹੀਂ ਪਰਾਲੀ ਦਾ ਖੇਤ ਅੰਦਰ ਜਾਂ ਖੇਤ ਤੋਂ ਬਾਹਰ ਯੋਗ ਪ੍ਰਬੰਧ ਕਰਨ। ਇਸ ਨਾਲ ਵਾਤਾਵਰਨ ਨੂੰ ਧੂੰਏਂ ਤੋਂ ਬਚਾਉਣ ਦੇ ਨਾਲ ਮਿੱਟੀ ਦੀ ਸਿਹਤ ਸੰਭਾਲਣ ਵਿੱਚ ਵੀ ਮਦਦ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ “ਸੁੱਕਾ ਝੋਨਾ ਮੰਡੀ ਵਿੱਚ ਅਤੇ ਪਰਾਲੀ ਸੁਚੱਜੇ ਪ੍ਰਬੰਧ ਵੱਲ” ਦੀ ਸੋਚ ਅਪਣਾਉਂਦਿਆਂ ਖਰੀਦ ਸੀਜ਼ਨ ਨੂੰ ਸੁਚਾਰੂ ਬਣਾਉਣ ਅਤੇ ਖੇਤਾਂ ਨੂੰ ਅੱਗ ਤੋਂ ਮੁਕਤ ਰੱਖਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।






