ਹਰਿਆਣਾ: ਹਰਿਆਣਾ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। 16 ਸਤੰਬਰ ਤੋਂ ਸਰਗਰਮ ਪੱਛਮੀ ਗੜਬੜੀ ਦਾ ਪ੍ਰਭਾਵ ਹੁਣ ਕਮਜ਼ੋਰ ਪੈ ਗਿਆ ਹੈ ਅਤੇ ਐਤਵਾਰ ਤੱਕ ਇਸ ਦੇ ਪੂਰੀ ਤਰ੍ਹਾਂ ਖਤਮ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸੋਮਵਾਰ ਤੋਂ ਹਰਿਆਣਾ ਵਿੱਚੋਂ ਮਾਨਸੂਨ ਦੀ ਵਾਪਸੀ ਦਾ ਦੌਰ ਸ਼ੁਰੂ ਹੋ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਹਰਿਆਣਾ ਵਿੱਚ 1 ਜੂਨ ਤੋਂ 19 ਸਤੰਬਰ ਤੱਕ ਕੁੱਲ 317.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਇਸ ਸਮੇਂ ਦੌਰਾਨ ਆਮ ਮੀਂਹ 409.7 ਮਿਲੀਮੀਟਰ ਹੁੰਦਾ ਹੈ। ਇਸ ਤਰ੍ਹਾਂ ਸੂਬੇ ਵਿੱਚ ਆਮ ਨਾਲੋਂ 22 ਫੀਸਦੀ ਘੱਟ ਮੀਂਹ ਦਰਜ ਹੋਇਆ ਹੈ। ਪਲਵਲ ਨੂੰ ਛੱਡ ਕੇ ਸੂਬੇ ਦੇ ਬਾਕੀ 21 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ।
ਮੌਸਮ ਮਾਹਿਰ ਡਾ. ਚੰਦਰਮੋਹਨ ਮੁਤਾਬਕ 21 ਸਤੰਬਰ ਤੋਂ ਬਾਅਦ ਹਰਿਆਣਾ, ਐਨਸੀਆਰ ਅਤੇ ਦਿੱਲੀ ਤੋਂ ਮਾਨਸੂਨ ਦੀ ਵਿਦਾਈ ਸ਼ੁਰੂ ਹੋ ਸਕਦੀ ਹੈ। ਉੱਤਰ-ਪੱਛਮੀ ਖੇਤਰ ਵਿੱਚ ਮਾਨਸੂਨ ਦਾ ਸੀਜ਼ਨ ਪਹਿਲਾਂ ਖਤਮ ਹੋਣ ਦੀ ਸੰਭਾਵਨਾ ਹੈ। ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨਾਲ ਹਰਿਆਣਾ ਅਤੇ ਪੰਜਾਬ ਵਿੱਚ ਵੀ 20-21 ਸਤੰਬਰ ਤੋਂ ਬਾਅਦ ਮਾਨਸੂਨ ਦੀ ਵਾਪਸੀ ਹੋ ਸਕਦੀ ਹੈ।
ਮਾਨਸੂਨ ਦੀ ਵਾਪਸੀ ਦੇ ਨਾਲ ਪੱਛਮੀ ਗਰਮ ਹਵਾਵਾਂ ਦਾ ਪ੍ਰਭਾਵ ਮੁੜ ਵਧਣ ਲੱਗਾ ਹੈ। ਇਸ ਕਾਰਨ ਖੇਤਰ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਗਰਮ ਹਵਾਵਾਂ ਹੌਲੀ-ਹੌਲੀ ਵਾਯੂਮੰਡਲ ਵਿੱਚੋਂ ਨਮੀ ਨੂੰ ਘਟਾਉਣਗੀਆਂ, ਜਿਸ ਨਾਲ ਮੌਸਮ ਹੋਰ ਖੁਸ਼ਕ ਹੋਣ ਦੀ ਸੰਭਾਵਨਾ ਹੈ।
ਤਾਜ਼ਾ ਰਿਪੋਰਟ ਅਨੁਸਾਰ 16 ਤੋਂ 18 ਸਤੰਬਰ ਦਰਮਿਆਨ ਹਰਿਆਣਾ ਦੇ 21 ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ। ਹਿਸਾਰ, ਸਿਰਸਾ, ਫਤਿਹਾਬਾਦ ਅਤੇ ਜੀਂਦ ਵਿੱਚ ਇਸ ਦੌਰਾਨ ਸਭ ਤੋਂ ਵੱਧ ਮੀਂਹ ਪਿਆ। ਮੌਸਮ ਮਾਹਿਰਾਂ ਮੁਤਾਬਕ ਸਤੰਬਰ ਦੇ ਦੂਜੇ ਅੱਧ ਵਿੱਚ ਹੋਇਆ ਇਹ ਮੀਂਹ ਫਸਲਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ।






