ਹਰਿਆਣਾ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ 21 ਦਿਨਾਂ ਦੀ ਪੈਰੋਲ ਮਿਆਦ ਖ਼ਤਮ ਹੋ ਗਈ ਹੈ। ਪੈਰੋਲ ਪੂਰੀ ਹੋਣ ਤੋਂ ਬਾਅਦ ਉਹ ਅੱਜ ਮੁੜ ਸੁਨਾਰੀਆ ਜੇਲ੍ਹ ਵਾਪਸ ਜਾਵੇਗਾ। ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਡੇਰਾ ਪ੍ਰਬੰਧਨ ਵੱਲੋਂ ਉਸ ਦੇ ਜੇਲ੍ਹ ਵਾਪਸੀ ਦੇ ਸਮੇਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਰਾਮ ਰਹੀਮ ਨੂੰ 25 ਅਗਸਤ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਮੰਗਲਵਾਰ ਨੂੰ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੁਣ ਉਸ ਨੂੰ ਮੁੜ ਜੇਲ੍ਹ ਵਿੱਚ ਆਪਣੀ ਸਜ਼ਾ ਕੱਟਣ ਲਈ ਵਾਪਸ ਜਾਣਾ ਹੈ। ਦੱਸਿਆ ਜਾ ਰਿਹਾ ਹੈ ਕਿ 2017 ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਕਈ ਵਾਰ ਪੈਰੋਲ ਜਾਂ ਫਰਲੋ ’ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਅਤੇ ਇਸ ਵਾਰ ਉਸ ਦੀ ਜੇਲ੍ਹ ਤੋਂ ਬਾਹਰ ਆਉਣ ਦੀ 17ਵੀਂ ਵਾਰ ਸੀ।
ਗੁਰਮੀਤ ਰਾਮ ਰਹੀਮ ਨੂੰ 2017 ਵਿੱਚ ਜਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕਤਲ ਦੇ ਮਾਮਲੇ ਵਿੱਚ ਵੀ ਉਸ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ। ਉਹ ਇਸ ਸਮੇਂ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਇਸ ਸਾਲ ਮਈ ਮਹੀਨੇ ਵਿੱਚ ਵੀ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਇਸ ਤੋਂ ਬਾਅਦ ਅਗਸਤ ਵਿੱਚ ਉਸ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ, ਜਿਸ ਦੀ ਮਿਆਦ ਹੁਣ ਪੂਰੀ ਹੋ ਚੁੱਕੀ ਹੈ। ਹੁਣ ਉਸ ਨੂੰ ਮੁੜ ਸੁਨਾਰੀਆ ਜੇਲ੍ਹ ਵਿੱਚ ਵਾਪਸ ਜਾ ਕੇ ਆਪਣੀ ਸਜ਼ਾ ਜਾਰੀ ਰੱਖਣੀ ਹੋਵੇਗੀ।






