ਪੰਜਾਬ ਵਿੱਚ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਗੰਭੀਰ ਹੋ ਗਿਆ ਹੈ। ਇਸ ਦੇ ਮੱਦੇਨਜ਼ਰ PSPCL ਨੇ ਕੈਟਾਗਰੀ-2 ਫੀਡਰਾਂ ਅਧੀਨ ਆਉਂਦੀਆਂ ਉਦਯੋਗਿਕ ਇਕਾਈਆਂ ਲਈ ਅੱਜ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ 10 ਘੰਟਿਆਂ ਦਾ ਬਿਜਲੀ ਕੱਟ ਲਗਾਉਣ ਦਾ ਸ਼ਡਿਊਲ ਜਾਰੀ ਕੀਤਾ ਹੈ। ਫਿਲਹਾਲ ਇਹ ਕੱਟ ਸਿਰਫ਼ ਅੱਜ ਰਾਤ ਲਈ ਹੈ।
ਕੋਲੇ ਦੀ ਕਮੀ ਕਾਰਨ ਥਰਮਲ ਪਲਾਂਟਾਂ ਦੇ ਕਈ ਯੂਨਿਟ ਪੂਰੀ ਸਮਰੱਥਾ ਨਾਲ ਨਹੀਂ ਚੱਲ ਰਹੇ। ਤਲਵੰਡੀ ਸਾਬੋ ਅਤੇ ਰਾਜਪੁਰਾ ਸਮੇਤ ਕੁਝ ਥਰਮਲ ਯੂਨਿਟਾਂ ਵਿੱਚ ਉਤਪਾਦਨ ਬੰਦ ਹੈ।
ਪਾਵਰਕੌਮ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਮੰਗ 16,112 ਮੈਗਾਵਾਟ, ਜਦਕਿ ਉਤਪਾਦਨ ਲਗਭਗ 4,501 ਮੈਗਾਵਾਟ ਹੈ। ਮੰਗ ਅਤੇ ਸਪਲਾਈ ਵਿੱਚ ਵੱਡੇ ਫਰਕ ਕਾਰਨ ਪਿੰਡਾਂ ਦੇ ਨਾਲ-ਨਾਲ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਹੋਰ ਸ਼ਹਿਰਾਂ ਵਿੱਚ ਵੀ ਅਣ-ਐਲਾਨੇ ਕੱਟ ਅਤੇ ਟਰਿੱਪਿੰਗ ਦੀ ਸਮੱਸਿਆ ਬਣੀ ਹੋਈ ਹੈ।






