Tuesday, September 8, 2026
Home National ਸੋਲਨ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਦੀ...

ਸੋਲਨ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਦੀ ਜਥੇਦਾਰ ਗੜਗੱਜ ਵੱਲੋਂ ਨਿੰਦਾ

0
2

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇੱਕ ਬੋਰਡਿੰਗ ਸਕੂਲ ਵਿੱਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਕਿਸੇ ਵੀ ਬੱਚੇ ਨਾਲ ਅਜਿਹੀ ਹਰਕਤ ਨਹੀਂ ਹੋਣੀ ਚਾਹੀਦੀ।

ਜਥੇਦਾਰ ਗੜਗੱਜ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਅਨੁਸ਼ਾਸਨ ਕਾਇਮ ਰੱਖਣ ਦੀ ਪੂਰੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੀੜਤ ਸਿੱਖ ਬੱਚੇ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੰਦਿਆਂ ਭਰੋਸਾ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪਰਿਵਾਰ ਦੇ ਨਾਲ ਖੜ੍ਹਾ ਹੈ।

ਵਾਇਰਲ ਵੀਡੀਓ ਨਾ ਦਿਖਾਉਣ ਦੀ ਅਪੀਲ

ਉਨ੍ਹਾਂ ਕਿਹਾ ਕਿ ਘਟਨਾ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਜਥੇਦਾਰ ਨੇ ਸਮੂਹ ਮੀਡੀਆ ਅਤੇ ਵੈੱਬ ਚੈਨਲਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਵਾਇਰਲ ਵੀਡੀਓ ਨੂੰ ਆਪਣੇ ਚੈਨਲਾਂ ’ਤੇ ਪ੍ਰਕਾਸ਼ਿਤ ਨਾ ਕੀਤਾ ਜਾਵੇ ਅਤੇ ਬੱਚੇ ਦੀ ਪਛਾਣ ਵੀ ਜਨਤਕ ਨਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਬੱਚੇ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ, ਇਸ ਲਈ ਮੀਡੀਆ ਨੂੰ ਸੰਵੇਦਨਸ਼ੀਲਤਾ ਨਾਲ ਕੰਮ ਲੈਣਾ ਚਾਹੀਦਾ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ

ਜਥੇਦਾਰ ਗੜਗੱਜ ਨੇ ਦੱਸਿਆ ਕਿ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਨੇ ਰੈਗਿੰਗ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਾਲਾਂਕਿ ਉਨ੍ਹਾਂ ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਦੀ ਭੂਮਿਕਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਘਟਨਾ ਸਬੰਧੀ ਸਕੂਲ ਪ੍ਰਸ਼ਾਸਨ ਦਾ ਰਵੱਈਆ ਗੈਰ-ਸੰਜੀਦਾ ਅਤੇ ਠੀਕ ਨਹੀਂ ਰਿਹਾ।

ਇੱਕ ਹਫ਼ਤੇ ਵਿੱਚ ਪ੍ਰਿੰਸੀਪਲ ਬਦਲਣ ਦਾ ਭਰੋਸਾ

ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਵਿਰੁੱਧ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਨਾਲ ਗੱਲ ਕਰਕੇ ਅਜਿਹੇ ਪ੍ਰਿੰਸੀਪਲ ਨੂੰ ਤੁਰੰਤ ਬਦਲਣ ਲਈ ਕਿਹਾ ਹੈ, ਜੋ ਸਕੂਲ ਵਿੱਚ ਬੱਚਿਆਂ ਵਿਚਕਾਰ ਅਨੁਸ਼ਾਸਨ ਕਾਇਮ ਰੱਖਣ ਵਿੱਚ ਅਸਫਲ ਰਹੇ ਹਨ।

ਜਥੇਦਾਰ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਪ੍ਰਿੰਸੀਪਲ ਨੂੰ ਬਦਲ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here