ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੇ ਵਿਆਹੁਤਾ ਜੀਵਨ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ’ਤੇ ਵਿਰਾਮ ਲਗਾਉਂਦਿਆਂ ਪਤਨੀ ਗੀਤ ਗਰੇਵਾਲ (ਗੁਨੀਤ ਗਰੇਵਾਲ ਵਜੋਂ ਵੀ ਜਾਣੀ ਜਾਂਦੀ) ਤੋਂ ਤਲਾਕ ਦੀ ਪੁਸ਼ਟੀ ਕੀਤੀ ਹੈ। ਦੋਵਾਂ ਦਾ ਵਿਆਹ ਸਾਲ 2021 ਵਿੱਚ ਹੋਇਆ ਸੀ। ਵਿਆਹ ਦੇ ਕਰੀਬ ਪੰਜ ਸਾਲ ਬਾਅਦ ਹੁਣ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ।
ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ’ਤੇ ਇੱਕ ਲੰਬਾ ਨੋਟ ਸਾਂਝਾ ਕਰਦਿਆਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਚੱਲ ਰਹੀਆਂ ਅਫਵਾਹਾਂ ਅਤੇ ਟ੍ਰੋਲਿੰਗ ਬਾਰੇ ਵੀ ਗੱਲ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਮਾਡਲ ਅਤੇ ਅਦਾਕਾਰਾ ਹਰਮਨ ਬਰਾੜ ਨਾਲ ਆਪਣੇ ਰਿਸ਼ਤੇ ਦੀ ਵੀ ਪੁਸ਼ਟੀ ਕੀਤੀ ਹੈ।
ਸੋਸ਼ਲ ਮੀਡੀਆ ’ਤੇ ਦਿੱਤਾ ਬਿਆਨ
ਪਰਮੀਸ਼ ਵਰਮਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨਿੱਜੀ ਮਾਮਲਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਅਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਲਿੰਗਕ ਪੱਖਪਾਤ ਦੇ ਆਧਾਰ ’ਤੇ ਦੋਸ਼ ਲਗਾਉਣ ਦੀ ਪ੍ਰਵਿਰਤੀ ’ਤੇ ਵੀ ਸਵਾਲ ਚੁੱਕੇ।
ਗਾਇਕ ਨੇ ਆਪਣੇ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਹੁਣ ਕਿਸੇ ਤਰ੍ਹਾਂ ਦੀ ਅਸਪਸ਼ਟਤਾ ਨਹੀਂ ਰੱਖਣਾ ਚਾਹੁੰਦੇ। ਉਨ੍ਹਾਂ ਵੱਲੋਂ ਤਲਾਕ ਅਤੇ ਨਵੇਂ ਰਿਸ਼ਤੇ ਦੀ ਪੁਸ਼ਟੀ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਮਿਲ ਗਿਆ ਹੈ।
ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦਾ ਵਿਆਹ 2021 ਵਿੱਚ ਹੋਇਆ ਸੀ। ਗੀਤ ਗਰੇਵਾਲ ਕੈਨੇਡਾ ਵਿੱਚ ਵਕੀਲ ਅਤੇ ਸਿਆਸਤ ਨਾਲ ਵੀ ਜੁੜੀ ਰਹੀ ਹੈ। ਹੁਣ ਪਰਮੀਸ਼ ਵੱਲੋਂ ਹਰਮਨ ਬਰਾੜ ਨਾਲ ਰਿਸ਼ਤੇ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।






