Thursday, September 3, 2026
Home Patiala Updates ਸਵਰਗੀ ਸ. ਅਜੀਤ ਸਿੰਘ ਤੂਰ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ, ਵੱਡੀ...

ਸਵਰਗੀ ਸ. ਅਜੀਤ ਸਿੰਘ ਤੂਰ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ, ਵੱਡੀ ਗਿਣਤੀ ਵਿੱਚ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਪੁੱਜੀਆਂ

0
7
ਪਟਿਆਲਾ, 2 ਸਤੰਬਰ:
“ਸਵਰਗੀ ਬਾਪੂ ਸ. ਅਜੀਤ ਸਿੰਘ ਤੂਰ ਬਹੁਤ ਹੀ ਅਪਣੱਤ ਵਾਲੀ, ਮੋਹ-ਭਿੱਜੀ ਤੇ ਧਾਰਮਿਕ ਬਿਰਤੀ ਵਾਲੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਮਾਨਦਾਰੀ ਅਤੇ ਸਾਦਗੀ ਨਾਲ ਬਤੀਤ ਕੀਤੀ।” ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸਵਰਗੀ ਸ. ਅਜੀਤ ਸਿੰਘ ਤੂਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ, ਜਦਕਿ ਅਰਦਾਸ ਹੈੱਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਨੇ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਭੈਣ ਜੀ ਬੀਬਾ ਮਨਪ੍ਰੀਤ ਕੌਰ ਦੇ ਪਤੀ ਸ. ਤਰਲੋਕ ਸਿੰਘ ਤੂਰ ਦੇ ਪਿਤਾ ਸ. ਅਜੀਤ ਸਿੰਘ ਤੂਰ ਕਰੀਬ 80 ਸਾਲ ਦੀ ਉਮਰ ਭੋਗ ਕੇ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਦੇ ਮਾਤਾ ਜੀ ਸਰਦਾਰਨੀ ਹਰਪਾਲ ਕੌਰ ਸਮੇਤ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਤਰੁਨਪ੍ਰੀਤ ਸਿੰਘ ਸੌਂਦ ਅਤੇ ਹਰਦੀਪ ਸਿੰਘ ਮੁੰਡੀਆਂ, ਸੂਬਾ ਜਨਰਲ ਸਕੱਤਰ ਬਲਤੇਜ ਸਿੰਘ ਪੰਨੂ, ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ, ਚੇਅਰਮੈਨ, ਵਾਈਸ ਚੇਅਰਮੈਨ, ਹੋਰ ਆਗੂ, ਰਿਸ਼ਤੇਦਾਰ ਅਤੇ ਸਕੇ-ਸੰਬੰਧੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸਵਰਗੀ ਸ. ਅਜੀਤ ਸਿੰਘ ਤੂਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਤਰਫ਼ੋਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਬਾਪੂ ਸ. ਅਜੀਤ ਸਿੰਘ ਤੂਰ ਨੇ ਆਪਣਾ ਸਾਰਾ ਜੀਵਨ ਸਾਦਗੀ ਅਤੇ ਧਾਰਮਿਕ ਬਿਰਤੀ ਨਾਲ ਬਤੀਤ ਕਰਦਿਆਂ ਲੋਕਾਂ ਵਿੱਚ ਵਿਚਰ ਕੇ ਭਲਾਈ ਦੇ ਕਾਰਜ ਕੀਤੇ। ਉਨ੍ਹਾਂ ਕਿਹਾ ਕਿ ਬਾਪੂ ਅਜੀਤ ਸਿੰਘ ਦਾ ਮਿਲਾਪੜਾ ਸੁਭਾਅ ਅਤੇ ਸਾਦਗੀ ਭਰਿਆ ਜੀਵਨ ਹਮੇਸ਼ਾ ਪਰਿਵਾਰ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਰਹੇਗਾ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ।
ਡਾ. ਗੁਰਪ੍ਰੀਤ ਕੌਰ ਮਾਨ ਨੇ ਪਰਿਵਾਰ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਤਾ ਦਾ ਵਿਛੋੜਾ ਪਰਿਵਾਰ ਲਈ ਬਹੁਤ ਹੀ ਦੁਖਦਾਈ ਹੁੰਦਾ ਹੈ। ਬਾਪੂ ਸ. ਅਜੀਤ ਸਿੰਘ ਤੂਰ ਦੇ ਅਕਾਲ ਚਲਾਣੇ ਨਾਲ ਤੂਰ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸ. ਤਰਲੋਕ ਸਿੰਘ ਤੂਰ ਅਤੇ ਬੀਬਾ ਮਨਪ੍ਰੀਤ ਕੌਰ ਤੂਰ ਨੇ ਆਪਣੇ ਪਿਤਾ ਦੀ ਪੂਰੀ ਤਨਦੇਹੀ ਅਤੇ ਸ਼ਰਧਾ ਨਾਲ ਸੇਵਾ ਕੀਤੀ, ਜੋ ਅੱਜ ਦੇ ਸਮੇਂ ਵਿੱਚ ਵੀ ਮਾਪਿਆਂ ਪ੍ਰਤੀ ਸਤਿਕਾਰ ਅਤੇ ਸੇਵਾ-ਭਾਵਨਾ ਦੀ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਦੇ ਦੌਰ ਵਿੱਚ ਇਹ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਬਜ਼ੁਰਗਾਂ ਦੀ ਸੇਵਾ-ਸੰਭਾਲ ਦੀ ਪਰੰਪਰਾ ਘੱਟ ਰਹਿ ਗਈ ਹੈ, ਪਰ ਤੂਰ ਪਰਿਵਾਰ ਨੇ ਆਪਣੇ ਪਿਤਾ ਦੀ ਸੇਵਾ ਕਰਕੇ ਇਸ ਧਾਰਨਾ ਨੂੰ ਗਲਤ ਸਾਬਤ ਕੀਤਾ ਅਤੇ ਇੱਕ ਮਿਸਾਲ ਕਾਇਮ ਕੀਤੀ ਹੈ।
ਇਸ ਮੌਕੇ ਸਵਰਗੀ ਸ. ਅਜੀਤ ਸਿੰਘ ਤੂਰ ਦੀ ਸੁਪਤਨੀ ਸਰਦਾਰਨੀ ਹਰਜੀਤ ਕੌਰ ਤੂਰ, ਧੀ ਜਸਵੀਰ ਕੌਰ, ਪੋਤਰੇ ਮਨਿੰਦਰਪਾਲ ਸਿੰਘ ਅਤੇ ਸੁਖਵਿੰਦਰਪਾਲ ਸਿੰਘ, ਦੋਹਤੀ ਨਵਜੋਤ ਕੌਰ, ਦੋਹਤ ਜਵਾਈ ਗੁਰਪ੍ਰੀਤ ਸਿੰਘ, ਪੜਦੋਹਤੇ ਹਰਸੰਜੋਗ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ ਅਤੇ ਸਨੇਹੀ ਹਾਜ਼ਰ ਸਨ।

LEAVE A REPLY

Please enter your comment!
Please enter your name here