ਨਵੀਂ ਦਿੱਲੀ: ਇਨਕਮ ਟੈਕਸ ਵਿਭਾਗ ਮੁਤਾਬਕ Assessment Year (AY) 2026-27 ਲਈ 31 ਅਗਸਤ ਤੱਕ 7.8 ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ (ITRs) ਫਾਈਲ ਕੀਤੀਆਂ ਗਈਆਂ ਹਨ। ਵਿਭਾਗ ਨੇ ਇਸ ਨੂੰ ਨਵਾਂ ਰਿਕਾਰਡ ਦੱਸਦਿਆਂ ਟੈਕਸਦਾਤਾਵਾਂ ਅਤੇ ਟੈਕਸ ਮਾਹਿਰਾਂ ਦਾ ਸਮੇਂ ਸਿਰ ਰਿਟਰਨ ਭਰਨ ਲਈ ਧੰਨਵਾਦ ਕੀਤਾ ਹੈ।
31 ਅਗਸਤ ਦੀ ਅੰਤਿਮ ਮਿਤੀ ਉਨ੍ਹਾਂ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਲਈ ਸੀ, ਜਿਨ੍ਹਾਂ ਦੇ ਖਾਤਿਆਂ ਦਾ ਟੈਕਸ ਆਡਿਟ ਲਾਜ਼ਮੀ ਨਹੀਂ ਹੈ। ਹੋਰ ਆਮ ਟੈਕਸਦਾਤਾਵਾਂ ਲਈ ITR ਭਰਨ ਦੀ ਮਿਆਦ 31 ਜੁਲਾਈ ਸੀ।
ਜਿਨ੍ਹਾਂ ਕੰਪਨੀਆਂ ਜਾਂ ਟੈਕਸਦਾਤਾਵਾਂ ਦੇ ਖਾਤਿਆਂ ਦਾ ਆਡਿਟ ਲਾਜ਼ਮੀ ਹੈ, ਉਨ੍ਹਾਂ ਲਈ ਆਖਰੀ ਮਿਤੀ 31 ਅਕਤੂਬਰ ਹੈ, ਜਦਕਿ ਟਰਾਂਸਫਰ ਪ੍ਰਾਈਸਿੰਗ ਦੇ ਦਾਇਰੇ ਵਿੱਚ ਆਉਣ ਵਾਲੇ ਟੈਕਸਦਾਤਾ 30 ਨਵੰਬਰ ਤੱਕ ਰਿਟਰਨ ਭਰ ਸਕਦੇ ਹਨ।
AY 2026-27 ਵਿੱਤੀ ਸਾਲ 2025-26 ਦੌਰਾਨ ਹੋਈ ਆਮਦਨ ਨਾਲ ਸਬੰਧਤ ਹੈ। ਜੇਕਰ ਕੋਈ ਟੈਕਸਦਾਤਾ ਆਪਣੀ ਨਿਰਧਾਰਤ ਮਿਤੀ ਤੱਕ ਰਿਟਰਨ ਨਹੀਂ ਭਰ ਸਕਿਆ ਤਾਂ ਉਹ 31 ਦਸੰਬਰ 2026 ਤੱਕ ਬੇਲੈਟਡ ਰਿਟਰਨ ਦਾਖਲ ਕਰ ਸਕਦਾ ਹੈ।
ਦੇਰੀ ਨਾਲ ਰਿਟਰਨ ਭਰਨ ’ਤੇ ਕੁਝ ਮਾਮਲਿਆਂ ਵਿੱਚ ₹1,000 ਜਾਂ ₹5,000 ਤੱਕ ਲੇਟ ਫੀਸ ਲੱਗ ਸਕਦੀ ਹੈ। ਰਿਟਰਨ ਫਾਈਲ ਕਰਨ ਤੋਂ ਬਾਅਦ ਇਸ ਦੀ e-Verification ਜਾਂ ITR-V ਰਾਹੀਂ 30 ਦਿਨਾਂ ਅੰਦਰ ਪੁਸ਼ਟੀ ਕਰਨੀ ਵੀ ਜ਼ਰੂਰੀ ਹੈ।






