ਅਮਰੀਕਾ: ਕੰਟਰੀ ਮਿਊਜ਼ਿਕ ਦੀ ਮਹਾਨ ਗਾਇਕਾ ਅਤੇ ਅਦਾਕਾਰਾ ਡੌਲੀ ਪਾਰਟਨ ਦਾ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ 25 ਅਗਸਤ ਨੂੰ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਪ੍ਰਸ਼ੰਸਕਾਂ ਅਤੇ ਕਲਾਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਡੌਲੀ ਪਾਰਟਨ ਨੂੰ ਸ਼ਰਧਾਂਜਲੀ ਦਿੱਤੀ। ਟਰੰਪ ਨੇ ਕਿਹਾ ਕਿ ਡੌਲੀ ਵਰਗੀ ਕਲਾਕਾਰ ਨਾ ਪਹਿਲਾਂ ਕਦੇ ਹੋਈ ਅਤੇ ਨਾ ਹੀ ਭਵਿੱਖ ਵਿੱਚ ਹੋਵੇਗੀ। ਉਨ੍ਹਾਂ ਨੇ ਡੌਲੀ ਦੀ ਯਾਦ ਵਿੱਚ ਪੂਰੇ ਅਮਰੀਕਾ ਵਿੱਚ ਇੱਕ ਹਫ਼ਤੇ ਲਈ ਅਮਰੀਕੀ ਝੰਡੇ ਅੱਧੇ ਝੁਕਾਉਣ ਦਾ ਐਲਾਨ ਕੀਤਾ। ਇਹ ਹੁਕਮ 25 ਅਗਸਤ ਸ਼ਾਮ 6 ਵਜੇ ਤੋਂ ਲਾਗੂ ਕੀਤਾ ਗਿਆ ਅਤੇ 1 ਸਤੰਬਰ 2026 ਦੇ ਸੂਰਜ ਡੁੱਬਣ ਤੱਕ ਜਾਰੀ ਰਹੇਗਾ।
ਡੌਲੀ ਪਾਰਟਨ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਭਤੀਜੇ ਬ੍ਰਾਇਨ ਸੀਵਰ ਨੇ ਇੱਕ ਵੀਡੀਓ ਰਾਹੀਂ ਦਿੱਤੀ। ਪਰਿਵਾਰ ਨੇ ਦੱਸਿਆ ਕਿ ਇਹ ਐਲਾਨ ਕਰਨਾ ਉਨ੍ਹਾਂ ਲਈ ਬੇਹੱਦ ਦੁਖਦਾਈ ਪਲ ਸੀ। ਉਨ੍ਹਾਂ ਦੀ ਮੌਤ ਦੀ ਸ਼ੁਰੂਆਤੀ ਜਾਣਕਾਰੀ ਵਿੱਚ ਕਾਰਨ ਨਹੀਂ ਦੱਸਿਆ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਡੌਲੀ ਨੇ ਕੈਂਸਰ ਨਾਲ ਥੋੜ੍ਹੇ ਸਮੇਂ ਦੀ ਜੰਗ ਤੋਂ ਬਾਅਦ ਦਮ ਤੋੜਿਆ।
ਡੌਲੀ ਪਾਰਟਨ ਦਾ ਸੰਗੀਤਕ ਕਰੀਅਰ ਛੇ ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲਿਆ। ਉਨ੍ਹਾਂ ਨੇ “Jolene”, “9 to 5” ਅਤੇ “I Will Always Love You” ਵਰਗੇ ਸੁਪਰਹਿੱਟ ਗੀਤਾਂ ਰਾਹੀਂ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਹ ਸੰਗੀਤ ਦੇ ਨਾਲ-ਨਾਲ ਫਿਲਮਾਂ, ਟੈਲੀਵਿਜ਼ਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸਰਗਰਮ ਰਹੀ।
ਉਨ੍ਹਾਂ ਦੀ ਵਿਰਾਸਤ ਸਿਰਫ਼ ਕੰਟਰੀ ਮਿਊਜ਼ਿਕ ਤੱਕ ਸੀਮਤ ਨਹੀਂ ਸੀ। ਡੌਲੀ ਪਾਰਟਨ ਨੇ ਬੱਚਿਆਂ ਦੀ ਸਿੱਖਿਆ ਅਤੇ ਕਿਤਾਬਾਂ ਦੀ ਪਹੁੰਚ ਲਈ Imagination Library ਵਰਗੀਆਂ ਪਹਿਲਕਦਮੀਆਂ ਰਾਹੀਂ ਵੀ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੇ ਦੇਹਾਂਤ ਨੂੰ ਅਮਰੀਕੀ ਸੱਭਿਆਚਾਰ, ਸੰਗੀਤ ਅਤੇ ਮਨੁੱਖਤਾ ਲਈ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ।






