ਚੰਡੀਗੜ੍ਹ: ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਪੰਜਾਬ ਵਿੱਚ ਚਰਚਾ ਲਗਾਤਾਰ ਤੇਜ਼ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਨਾਲ ਮਿਲਣ ਲਈ ਪੈਰੋਲ ਦੇਣ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਮਾਮਲਾ ਹੋਰ ਮਹੱਤਵਪੂਰਨ ਬਣ ਗਿਆ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਰਾਜਪਾਲ ਵੱਲੋਂ ਵੀ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਹਵਾਰਾ ਦੀ ਪੈਰੋਲ ਨੂੰ ਲੈ ਕੇ ਪਹਿਲਾਂ ਇੱਕ ਦਿਨ ਦੀ ਪੈਰੋਲ ਦੀ ਚਰਚਾ ਸੀ। ਇਸ ਤੋਂ ਬਾਅਦ ਮੀਡੀਆ ਰਿਪੋਰਟਾਂ ਵਿੱਚ ਦੋ ਦਿਨਾਂ ਦੀ ਕਸਟਡੀ ਪੈਰੋਲ ਦੀ ਪੇਸ਼ਕਸ਼ ਦੀ ਗੱਲ ਸਾਹਮਣੇ ਆਈ। ਹਾਲਾਂਕਿ, ਹਵਾਰਾ ਦੇ ਵਕੀਲਾਂ ਅਤੇ ਸਾਥੀਆਂ ਵੱਲੋਂ ਇਸ ਨੂੰ ਲੈ ਕੇ ਵੱਖਰਾ ਪੱਖ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਦਿਨਾਂ ਦੀ ਕਸਟਡੀ ਪੈਰੋਲ ਦੀ ਬਜਾਏ ਘੱਟੋ-ਘੱਟ ਤਿੰਨ ਦਿਨ ਦੀ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਵਾਰਾ ਵੱਲੋਂ ਲੰਬੀ ਮਿਆਦ ਦੀ ਪੈਰੋਲ ਦੀ ਮੰਗ ਵੀ ਕੀਤੀ ਗਈ ਹੈ ਅਤੇ ਕਰੀਬ 10 ਦਿਨਾਂ ਦੀ ਪੈਰੋਲ ਦੀ ਮੰਗ ਚਰਚਾ ਵਿੱਚ ਹੈ। ਦੂਜੇ ਪਾਸੇ, ਦੋ ਦਿਨਾਂ ਦੀ ਕਸਟਡੀ ਪੈਰੋਲ ਦੀ ਸੰਭਾਵਨਾ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ। ਇਸ ਕਾਰਨ ਹੁਣ ਮੁੱਖ ਸਵਾਲ ਇਹ ਬਣ ਗਿਆ ਹੈ ਕਿ ਹਵਾਰਾ ਨੂੰ ਪੈਰੋਲ ਕਿੰਨੇ ਦਿਨਾਂ ਲਈ ਅਤੇ ਕਿਹੜੀਆਂ ਸ਼ਰਤਾਂ ਨਾਲ ਮਿਲੇਗੀ।
ਹਵਾਰਾ ਦੇ ਪਰਿਵਾਰ ਅਤੇ ਸਾਥੀਆਂ ਵੱਲੋਂ ਘੱਟੋ-ਘੱਟ ਤਿੰਨ ਦਿਨ ਦੀ ਪੈਰੋਲ ਦੀ ਮੰਗ ਪਿੱਛੇ ਇੱਕ ਖਾਸ ਕਾਰਨ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਇੱਛਾ ਹੈ ਕਿ ਜੇਕਰ ਹਵਾਰਾ ਘਰ ਆਉਂਦੇ ਹਨ ਤਾਂ ਘਰ ਵਿੱਚ ਅਖੰਡ ਪਾਠ ਸਾਹਿਬ ਦਾ ਅਰੰਭ ਕਰਵਾਇਆ ਜਾ ਸਕੇ ਅਤੇ ਤਿੰਨ ਦਿਨਾਂ ਬਾਅਦ ਇਸ ਦੀ ਸਮਾਪਤੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਮੁੜ ਜੇਲ੍ਹ ਵਾਪਸ ਚਲੇ ਜਾਣ।
ਇਸ ਤੋਂ ਪਹਿਲਾਂ ਜੁਲਾਈ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਵਾਰਾ ਦੀ ਪੈਰੋਲ ਅਰਜ਼ੀ ’ਤੇ ਸਮੇਂਬੱਧ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਕਿਹਾ ਸੀ ਕਿ ਦਿੱਲੀ ਦੀ ਮੰਡੋਲੀ ਜੇਲ੍ਹ ਦਾ ਸੁਪਰਡੈਂਟ ਪੈਰੋਲ ਅਰਜ਼ੀ ਨੂੰ ਚੰਡੀਗੜ੍ਹ ਦੇ ਹੋਮ ਸਕੱਤਰ ਕੋਲ ਭੇਜੇ ਅਤੇ ਉੱਥੋਂ ਟਿੱਪਣੀਆਂ ਤੇ ਸਿਫ਼ਾਰਸ਼ਾਂ ਮਿਲਣ ਤੋਂ ਬਾਅਦ ਜੇਲ੍ਹ ਸੁਪਰਡੈਂਟ ਪੈਰੋਲ ਅਰਜ਼ੀ ’ਤੇ ਫੈਸਲਾ ਕਰੇ।
ਹਵਾਰਾ ਦੀ ਮਾਤਾ ਦੀ ਸਿਹਤ ਨੂੰ ਦੇਖਦਿਆਂ ਪੈਰੋਲ ਦੀ ਮੰਗ ਕੀਤੀ ਗਈ ਹੈ। ਹਾਈਕੋਰਟ ਵਿੱਚ ਪੇਸ਼ ਰਿਕਾਰਡ ਮੁਤਾਬਕ ਹਵਾਰਾ ਨੇ ਆਪਣੀ 81 ਸਾਲਾ ਮਾਤਾ ਦੀ ਵਿਗੜਦੀ ਸਿਹਤ ਦੇ ਆਧਾਰ ’ਤੇ ਪੈਰੋਲ ਦੀ ਮੰਗ ਕੀਤੀ ਸੀ। ਅਦਾਲਤੀ ਰਿਕਾਰਡ ਵਿੱਚ ਇਹ ਵੀ ਦਰਜ ਹੈ ਕਿ ਉਹ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਹਨ ਅਤੇ ਇਸ ਤੋਂ ਪਹਿਲਾਂ ਪੈਰੋਲ ਜਾਂ ਰਿਮਿਸ਼ਨ ਦੀ ਕੋਈ ਛੋਟ ਨਹੀਂ ਮਿਲੀ।
ਇਸ ਦੌਰਾਨ ਹਵਾਰਾ ਦੇ ਜੱਦੀ ਪਿੰਡ ਵਿੱਚ ਵੀ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਪੈਰੋਲ ’ਤੇ ਘਰ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵੱਡੇ ਭਰਾ ਲਖਵੀਰ ਸਿੰਘ ਵੀ ਆਪਣੇ ਭਰਾ ਨਾਲ ਮੁਲਾਕਾਤ ਲਈ ਪੰਜਾਬ ਆਉਣ ਦੀ ਤਿਆਰੀ ਵਿੱਚ ਹਨ।
ਫਿਲਹਾਲ ਹਵਾਰਾ ਦੀ ਪੈਰੋਲ ਸਬੰਧੀ ਅੰਤਿਮ ਮਿਆਦ ਅਤੇ ਸ਼ਰਤਾਂ ਬਾਰੇ ਸਰਕਾਰੀ ਫੈਸਲੇ ਦੀ ਉਡੀਕ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋ ਦਿਨਾਂ ਦੀ ਕਸਟਡੀ ਪੈਰੋਲ ਦੀ ਪੇਸ਼ਕਸ਼ ਹੁੰਦੀ ਹੈ ਜਾਂ ਤਿੰਨ ਦਿਨ ਜਾਂ ਇਸ ਤੋਂ ਵੱਧ ਸਮੇਂ ਦੀ ਪੈਰੋਲ ਸਬੰਧੀ ਕੋਈ ਫੈਸਲਾ ਲਿਆ ਜਾਂਦਾ ਹੈ।






