ਬਰਨਾਲਾ: ਬਰਨਾਲਾ ਦੇ ਹੰਡਿਆਇਆ ਰੋਡ ’ਤੇ ਲੰਘੀ ਰਾਤ ਅਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਅਵਾਰਾ ਪਸ਼ੂ ਅਚਾਨਕ ਸੜਕ ’ਤੇ ਆ ਗਿਆ, ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦੀ ਬੁਲੈਰੋ ਪਿਕਅੱਪ ਨਾਲ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਬੁਲੈਰੋ ਪਿਕਅੱਪ ਵੀ ਸੜਕ ’ਤੇ ਪਲਟ ਗਈ।
ਹਾਦਸੇ ਵਿੱਚ ਕਾਰ ਚਾਲਕ ਅਜੇ ਕੁਮਾਰ, ਜੋ ਹੰਡਿਆਇਆ ਬਾਜ਼ਾਰ ਦੇ ਵਾਰਡ ਨੰਬਰ 9 ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ (SSF) ਦੇ ਕਾਂਸਟੇਬਲ ਮਨਪ੍ਰੀਤ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਐਂਬੂਲੈਂਸ ਡਰਾਈਵਰ ਸੋਮਾ ਸਿੰਘ ਦੀ ਮਦਦ ਨਾਲ ਜ਼ਖਮੀ ਅਜੇ ਕੁਮਾਰ ਨੂੰ ਤੁਰੰਤ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਸਥਾਨਕ ਦੁਕਾਨਦਾਰ ਰਾਜੂ ਸਹੋਤਾ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਬਰਨਾਲਾ-ਹੰਡਿਆਇਆ ਰੋਡ ’ਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਇਸ ਦੇ ਨਾਲ ਹੀ ਸੜਕ ਨੂੰ ਚੌੜਾ ਕਰਨ ਅਤੇ ਵਿਚਕਾਰ ਡਿਵਾਈਡਰ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।






