ਚੰਡੀਗੜ੍ਹ: ਹਰਿਆਣਾ ਵਿੱਚ ਭਰੂਣ ਦੀ ਲਿੰਗ ਜਾਂਚ ਨਾਲ ਜੁੜੇ ਮਾਮਲੇ ਦੇਸ਼ ਭਰ ਵਿੱਚ ਸਭ ਤੋਂ ਵੱਧ ਸਾਹਮਣੇ ਆਏ ਹਨ। ਕੇਂਦਰ ਸਰਕਾਰ ਵੱਲੋਂ ਰਾਜ ਸਭਾ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਸਾਲ 2025 ਦੌਰਾਨ ਦੇਸ਼ ਵਿੱਚ ਭਰੂਣ ਜਾਂਚ ਨਾਲ ਸਬੰਧਤ ਕੁੱਲ 83 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 64 ਇਕੱਲੇ ਹਰਿਆਣਾ ਦੇ ਸਨ।
ਅੰਕੜਿਆਂ ਮੁਤਾਬਕ ਸਾਲ 2023 ਤੋਂ 2025 ਤੱਕ ਦੇਸ਼ ਭਰ ਵਿੱਚ ਭਰੂਣ ਦੀ ਲਿੰਗ ਜਾਣਕਾਰੀ ਦੇਣ ਨਾਲ ਸਬੰਧਤ 184 ਮਾਮਲੇ ਦਰਜ ਹੋਏ। ਇਨ੍ਹਾਂ ਵਿੱਚੋਂ ਹਰਿਆਣਾ ਵਿੱਚ 106 ਕੇਸ ਦਰਜ ਕੀਤੇ ਗਏ, ਜੋ ਕੁੱਲ ਮਾਮਲਿਆਂ ਦਾ ਲਗਭਗ 57.6 ਫੀਸਦੀ ਬਣਦੇ ਹਨ। ਇਸ ਸੂਚੀ ਵਿੱਚ ਗੁਜਰਾਤ 28 ਮਾਮਲਿਆਂ ਨਾਲ ਦੂਜੇ ਅਤੇ ਰਾਜਸਥਾਨ 11 ਮਾਮਲਿਆਂ ਨਾਲ ਤੀਜੇ ਸਥਾਨ ’ਤੇ ਰਿਹਾ।
ਭਰੂਣ ਲਿੰਗ ਜਾਂਚ ਵਿਰੁੱਧ ਹਰਿਆਣਾ ਅਤੇ ਆਸ-ਪਾਸ ਦੇ ਸੂਬਿਆਂ ਦੀਆਂ ਏਜੰਸੀਆਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। 16 ਜੁਲਾਈ ਨੂੰ ਰਾਜਸਥਾਨ ਪੁਲੀਸ ਨੇ ਸਿਰਸਾ ਦੇ ਡੱਬਵਾਲੀ ਤੋਂ ਇੱਕ ਵਿਚੋਲੇ ਨੂੰ ਗ੍ਰਿਫ਼ਤਾਰ ਕਰਕੇ ਨਿੱਜੀ ਹਸਪਤਾਲ ’ਤੇ ਛਾਪਾ ਮਾਰਿਆ ਸੀ। ਦੋਸ਼ ਸੀ ਕਿ ਇੱਥੇ ਰਾਜਸਥਾਨ ਤੋਂ ਲਿਆਂਦੀਆਂ ਗਰਭਵਤੀ ਔਰਤਾਂ ਦੀ ਗੈਰਕਾਨੂੰਨੀ ਤਰੀਕੇ ਨਾਲ ਭਰੂਣ ਜਾਂਚ ਕੀਤੀ ਜਾਂਦੀ ਸੀ।
ਇਸੇ ਤਰ੍ਹਾਂ 5 ਜੁਲਾਈ ਨੂੰ ਕਰਨਾਲ ਦੇ ਇੰਦਰੀ ਵਿੱਚ ਇੱਕ ਡਾਕਟਰ ਨੂੰ ਕਥਿਤ ਤੌਰ ’ਤੇ ਭਰੂਣ ਜਾਂਚ ਕਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਇਸ ਤੋਂ ਪਹਿਲਾਂ 27 ਮਈ ਨੂੰ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇੱਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਵੀ ਬਰਾਮਦ ਕੀਤੀ ਗਈ।
ਇਹ ਅੰਕੜੇ ਭਰੂਣ ਲਿੰਗ ਜਾਂਚ ਦੀ ਗੈਰਕਾਨੂੰਨੀ ਪ੍ਰਥਾ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਅਤੇ ਕਾਨੂੰਨੀ ਕਾਰਵਾਈ ਦੀ ਲੋੜ ਨੂੰ ਉਜਾਗਰ ਕਰਦੇ ਹਨ।






