ਪਟਿਆਲਾ: ਪਟਿਆਲਾ ਦੇ ਨੇੜਲੇ ਕਸਬੇ ਸਨੌਰ ਵਿੱਚ ਮਾਮੂਲੀ ਝਗੜੇ ਨੇ ਖ਼ੌਫਨਾਕ ਰੂਪ ਧਾਰ ਲਿਆ। ਗੱਡੀ ਨੂੰ ਅੱਗੇ-ਪਿੱਛੇ ਕਰਨ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਜਸ਼ਨ ਵਿਰਕ ਵਜੋਂ ਹੋਈ ਹੈ, ਜੋ ਫਤਿਹਪੁਰ ਰੋਡ, ਸਨੌਰ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਇਲਾਕੇ ਵਿੱਚ ਗੱਡੀਆਂ ਧੋਣ ਵਾਲੀ ਇੱਕ ਦੁਕਾਨ ਦੇ ਬਾਹਰ ਗੱਡੀ ਨੂੰ ਅੱਗੇ-ਪਿੱਛੇ ਕਰਨ ਨੂੰ ਲੈ ਕੇ ਕੁਝ ਵਿਅਕਤੀਆਂ ਵਿਚਾਲੇ ਬਹਿਸ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਹਿਸ ਤੋਂ ਬਾਅਦ ਬੱਬੀ ਅਤੇ ਪੱਪਣ ਨਾਂ ਦੇ ਦੋ ਵਿਅਕਤੀਆਂ ਨੇ ਕਥਿਤ ਤੌਰ ’ਤੇ ਜਸ਼ਨ ਵਿਰਕ ਅਤੇ ਉਸ ਦੇ ਸਾਥੀ ਗੁਰਮੀਤ ਸਿੰਘ ’ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਵਿੱਚ ਜਸ਼ਨ ਵਿਰਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਜਸ਼ਨ ਨੂੰ ਬਚਾਉਣ ਲਈ ਆਇਆ ਬਲਦੇਵ ਸਿੰਘ ਵੀ ਜ਼ਖਮੀ ਹੋ ਗਿਆ।
ਘਟਨਾ ਤੋਂ ਬਾਅਦ ਸਨੌਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲੇ ਨਾਲ ਜੁੜੇ ਤੱਥਾਂ ਦੀ ਪੁਸ਼ਟੀ ਕੀਤੀ ਜਾ ਸਕੇ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।






