Home World News ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਸੁਖਜੀਤ ਰੰਧਾਵਾ ਦੀ ਹੱਤਿਆ

ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਸੁਖਜੀਤ ਰੰਧਾਵਾ ਦੀ ਹੱਤਿਆ

ਐਡਮਿੰਟਨ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

0
5

ਐਡਮਿੰਟਨ: ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਇੱਕ ਪੰਜਾਬੀ ਕਾਰੋਬਾਰੀ ਦੀ ਹੱਤਿਆ ਤੋਂ ਬਾਅਦ ਸਥਾਨਕ ਭਾਈਚਾਰੇ ਵਿੱਚ ਸੋਗ ਅਤੇ ਰੋਸ ਦਾ ਮਾਹੌਲ ਹੈ। 48 ਸਾਲਾ ਸੁਖਜੀਤ ਰੰਧਾਵਾ ਦੀ ਕਥਿਤ ਤੌਰ ’ਤੇ ਲੁੱਟ ਦੀ ਕੋਸ਼ਿਸ਼ ਨੂੰ ਰੋਕਣ ਦੌਰਾਨ ਜਾਨ ਚਲੀ ਗਈ। ਪੁਲੀਸ ਨੇ ਇਸ ਮਾਮਲੇ ਵਿੱਚ 22 ਸਾਲਾ ਨਿਕੋਲਸ ਬਟਲਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਦੂਜੇ ਦਰਜੇ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ 112 ਐਵਿਨਿਊ ਅਤੇ 82 ਸਟਰੀਟ ਨੇੜੇ ਸਥਿਤ ਇੱਕ ਸਟ੍ਰਿਪ ਮਾਲ ਵਿੱਚ ਹੋਈ। ਸੁਖਜੀਤ ਰੰਧਾਵਾ ਆਪਣੇ ਸ਼ਰਾਬ ਦੇ ਸਟੋਰ ਵਿੱਚ ਮੌਜੂਦ ਸਨ, ਜਦੋਂ ਇੱਕ ਵਿਅਕਤੀ ਕਥਿਤ ਤੌਰ ’ਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਬਿਨਾਂ ਭੁਗਤਾਨ ਕੀਤੇ ਬਾਹਰ ਜਾਣ ਦੀ ਕੋਸ਼ਿਸ਼ ਕਰਨ ਲੱਗਾ।

ਦੱਸਿਆ ਜਾ ਰਿਹਾ ਹੈ ਕਿ ਰੰਧਾਵਾ ਨੇ ਲੁੱਟ ਦੀ ਕੋਸ਼ਿਸ਼ ਨੂੰ ਰੋਕਣ ਲਈ ਸਟੋਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਪੁਲੀਸ ਮੁਤਾਬਕ, ਆਪਣੇ ਆਪ ਨੂੰ ਘਿਰਿਆ ਦੇਖ ਕੇ ਮੁਲਜ਼ਮ ਨੇ ਉਨ੍ਹਾਂ ’ਤੇ ਹਿੰਸਕ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਪੋਸਟਮਾਰਟਮ ਤੋਂ ਬਾਅਦ ਪੁਲੀਸ ਨੇ ਮਾਮਲੇ ਨੂੰ ਕਤਲ ਵਜੋਂ ਦਰਜ ਕੀਤਾ। ਐਡਮਿੰਟਨ ਪੁਲੀਸ ਨੇ ਦੱਸਿਆ ਕਿ ਇਸ ਸਮੇਂ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ।

ਮ੍ਰਿਤਕ ਦੇ ਦੋਸਤ ਅਤੇ ਸਥਾਨਕ ਕਾਰੋਬਾਰੀ ਰਵੀ ਪ੍ਰਕਾਸ਼ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਕਾਰੋਬਾਰੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਅਕਸਰ ਚੋਰੀ ਅਤੇ ਹਿੰਸਾ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਹੋਰ ਪ੍ਰਭਾਵਸ਼ਾਲੀ ਕਦਮਾਂ ਦੀ ਲੋੜ ਹੈ।

ਘਟਨਾ ਤੋਂ ਬਾਅਦ ਐਡਮਿੰਟਨ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੇ ਨਾਲ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਕਾਰੋਬਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਹਿੰਸਕ ਅਪਰਾਧਾਂ ’ਤੇ ਕਾਬੂ ਪਾਉਣ ਅਤੇ ਛੋਟੇ ਕਾਰੋਬਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here