Home Punjab Ludhiana ਯੋਗ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਦਾ ਮੁਫ਼ਤ ਸਹਾਇਕ ਉਪਕਰਨ ਲਈ ਮੁਲਾਂਕਣ ਜਾਰੀ

ਯੋਗ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਦਾ ਮੁਫ਼ਤ ਸਹਾਇਕ ਉਪਕਰਨ ਲਈ ਮੁਲਾਂਕਣ ਜਾਰੀ

0
6

ਲੁਧਿਆਣਾ, 5 ਅਗਸਤ:

ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਲਈ ਮੁਫ਼ਤ ਸਹਾਇਕ ਉਪਕਰਨ ਵੰਡਣ ਲਈ ਵਿਸ਼ੇਸ਼ ਸਮਾਜਿਕ ਸਸ਼ਕਤੀਕਰਨ ਕੈਂਪਾਂ ਦਾ ਦੂਜਾ ਪੜਾਅ ਸ਼ੁਰੂ: ਸੁਖਵਿੰਦਰ ਸਿੰਘ ਬਿੰਦਰਾ

ਪਹਿਲੀ ਵਾਰ ਇੰਨੇ ਵੱਡੇ ਪੱਧਰ ’ਤੇ ਸਮਾਜਿਕ ਸਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ
ਲੁਧਿਆਣਾ ਦੇ ਪੇਂਡੂ ਵਿਧਾਨ ਸਭਾ ਹਲਕਿਆਂ ਤੋਂ ਬਾਅਦ ਹੁਣ ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿੱਚ ਕੈਂਪ ਲਗਾਏ ਜਾ ਰਹੇ

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਮੈਂਬਰ (ਐਨ.ਆਈ.ਐਸ.ਡੀ.) ਅਤੇ ਐਨ.ਸੀ.ਸੀ.ਡੀ.ਆਰ. ਦੇ ਵਿਸ਼ੇਸ਼ ਸੱਦੇ ਹੋਏ ਮੈਂਬਰ, ਅਤੇ ਪੰਜਾਬ ਸਰਕਾਰ ਦੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਮਾਣਯੋਗ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਮਾਣਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵੀਰੇਂਦਰ ਕੁਮਾਰ ਦੀ ਰਹਿਨੁਮਾਈ ਹੇਠ 23 ਜੁਲਾਈ ਤੋਂ 11 ਅਗਸਤ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਵਿਸ਼ੇਸ਼ ਸਮਾਜਿਕ ਸਸ਼ਕਤੀਕਰਨ ਮੁਲਾਂਕਣ ਕੈਂਪ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਨੂੰ ਮੁਫ਼ਤ ਸਹਾਇਕ ਉਪਕਰਨ ਉਪਲਬਧ ਕਰਵਾਏ ਜਾਣਗੇ।

ਸ੍ਰੀ ਬਿੰਦਰਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਇੱਕ ਮਹੱਤਵਪੂਰਨ ਲੋਕ-ਭਲਾਈ ਯੋਜਨਾ ਤਹਿਤ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਸ਼ਹਿਰੀ ਅਤੇ ਪੇਂਡੂ ਵਿਧਾਨ ਸਭਾ ਹਲਕਿਆਂ ਵਿੱਚ ਇਹ ਵਿਸ਼ੇਸ਼ ਮੁਲਾਂਕਣ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਲੋੜਵੰਦ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਦੀ ਮੈਪਿੰਗ ਕੀਤੀ ਜਾ ਰਹੀ ਅਤੇ ਦਿਵਿਆਂਗਜਨਾਂ ਲਈ ਲੋੜੀਂਦੇ ਸਮਾਨ ਲਈ ਉਨ੍ਹਾਂ ਦੇ ਸਰੀਰਕ ਢਾਂਚੇ ਦੇ ਨਾਪ ਲੈ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਸਹੂਲਤ ਅਨੁਸਾਰ ਸਹੀ ਨਾਪ ਦੇ ਉਪਕਰਨ ਮੁਹਈਆ ਕਰਵਾਏ ਜਾ ਸਕਣ।

ਸ੍ਰੀ ਬਿੰਦਰਾ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਲਈ ਪੇਂਡੂ ਵਿਧਾਨ ਸਭਾ ਹਲਕਿਆਂ ਦਾ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਕੈਂਪ * ਸਾਹਨੇਵਾਲ 23 ਜੁਲਾਈ, – * ਗਿੱਲ 24 ਜੁਲਾਈ, * ਦਾਖਾ – 25 ਜੁਲਾਈ, * ਲੁਧਿਆਣਾ ਦੱਖਣੀ – 26 ਜੁਲਾਈ, * ਰਾਏਕੋਟ – 27 ਜੁਲਾਈ, * ਸਮਰਾਲਾ – 28 ਜੁਲਾਈ ਨੂੰ ਲਾਏ ਜਾ ਚੁੱਕੇ ਹਨ ਅਤੇ ਲੋੜਵੰਦ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਦਾ ਮੁਲਾਂਕਣ ਹੋ ਚੁੱਕਾ ਹੈ।

ਜਿਸ ਤੋਂ ਬਾਅਦ ਹੁਣ ਦੂਜੇ ਪੜਾਅ ਦੀ ਮੈਪਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਜਿਸ ਤਹਿਤ ਹੁਣ ਸ਼ਹਿਰੀ ਵਿਧਾਨ ਸਭਾ ਹਲਕਿਆਂ ‘ਚ ਹੈਟ ਲਿਖੇ ਅਨੁਸਾਰ ਕੈਂਪ ਲਾਏ ਜਾ ਰਹੇ ਹਨ।
* ਖੰਨਾ  – 4 ਅਗਸਤ
* ਪਾਇਲ – 5 ਅਗਸਤ
* ਜਗਰਾਓਂ – 6 ਅਗਸਤ
* ਆਤਮ ਨਗਰ – 7 ਅਗਸਤ
* ਲੁਧਿਆਣਾ ਪੂਰਬੀ – 8 ਅਗਸਤ
* ਲੁਧਿਆਣਾ ਉੱਤਰੀ – 9 ਅਗਸਤ
* ਲੁਧਿਆਣਾ ਪੱਛਮੀ – 10 ਅਗਸਤ
* ਲੁਧਿਆਣਾ ਕੇਂਦਰੀ – 11 ਅਗਸਤ

ਇਹ ਸਮਾਜਿਕ ਸਸ਼ਕਤੀਕਰਨ ਕੈਂਪ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ, ਅਤੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ (DEPwD) ਵੱਲੋਂ ਭਾਰਤੀ ਰੈੱਡ ਕਰਾਸ ਸੋਸਾਇਟੀ, ਜ਼ਿਲ੍ਹਾ ਸ਼ਾਖਾ, ਲੁਧਿਆਣਾ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਹਨ।

ਇਨ੍ਹਾਂ ਕੈਂਪਾਂ ਦੌਰਾਨ ਯੋਗ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਦਾ ਮੁਲਾਂਕਣ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਫ਼ਤ ਸਹਾਇਕ ਉਪਕਰਨ ਅਤੇ ਨਕਲੀ ਅੰਗ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਉਹ ਵਧੇਰੇ ਸਵੈ-ਨਿਰਭਰ, ਸਨਮਾਨਜਨਕ ਅਤੇ ਬਿਹਤਰ ਜੀਵਨ ਬਤੀਤ ਕਰ ਸਕਣ। ਮੁਲਾਂਕਣ ਤੋਂ ਬਾਅਦ ਯੋਗ ਲਾਭਪਾਤਰੀਆਂ ਨੂੰ ਮੋਟਰਾਈਜ਼ਡ ਟ੍ਰਾਈਸਾਈਕਲ, ਮੈਨੂਅਲ ਅਤੇ ਮੋਟਰਾਈਜ਼ਡ ਵ੍ਹੀਲਚੇਅਰ, ਸੁਣਨ ਵਾਲੀਆਂ ਮਸ਼ੀਨਾਂ (ਹੀਅਰਿੰਗ ਏਡ), ਵਾਕਰ, ਬੈਸਾਖੀਆਂ, ਸਮਾਰਟਫੋਨ, ਨਕਲੀ ਅੰਗ, ਕੈਲੀਪਰ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੇ ਸਹਾਇਕ ਉਪਕਰਨ ਮੁਫ਼ਤ ਪ੍ਰਦਾਨ ਕੀਤੇ ਜਾਣਗੇ।

ਸ੍ਰੀ ਬਿੰਦਰਾ ਨੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋ ਕੇ ਭਾਰਤ ਸਰਕਾਰ ਦੀ ਇਸ ਮਹੱਤਵਪੂਰਨ ਲੋਕ-ਭਲਾਈ ਯੋਜਨਾ ਦਾ ਲਾਭ ਲੈਣ।

ਅੰਤ ਵਿੱਚ ਸ੍ਰੀ ਬਿੰਦਰਾ ਨੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਮਾਣਯੋਗ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਮਾਣਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵੀਰੇਂਦਰ ਕੁਮਾਰ ਦਾ ਇਸ ਮਹੱਤਵਪੂਰਨ ਲੋਕ-ਭਲਾਈ ਮੁਹਿੰਮ ਲਈ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਅਤੇ ਨਿਰੰਤਰ ਸਹਿਯੋਗ ਲਈ ਹਾਰਦਿਕ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਲੁਧਿਆਣਾ ਦੇ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਨੂੰ ਵੱਡਾ ਲਾਭ ਮਿਲੇਗਾ।

LEAVE A REPLY

Please enter your comment!
Please enter your name here