Home Punjab Malerkotla ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਬਿਜ਼ਨਸ ਬਲਾਸਟਰ ਮੇਲੇ ਦਾ...

ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਬਿਜ਼ਨਸ ਬਲਾਸਟਰ ਮੇਲੇ ਦਾ ਆਯੋਜਨ

0
5
ਮੁਕਾਬਲੇ ਭਰੇ ਯੁੱਗ ਵਿੱਚ ਸਿੱਖਿਆ ਦਾ ਉਦੇਸ਼ ਸਿਰਫ਼ ਡਿਗਰੀ ਪ੍ਰਾਪਤ ਕਰਨਾ ਨਹੀਂ, ਸਗੋਂ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਅਤੇ ਨਵੇਂ ਮੌਕੇ ਸਿਰਜਣ ਦੇ ਯੋਗ ਬਣਾਉਣਾ- ਪ੍ਰਿੰਸੀਪਲ ਆਰਤੀ ਗੁਪਤਾ
• “ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨ” ਦਾ ਦਿੱਤਾ ਸੰਦੇਸ਼- ਬਲਾਕ ਨੋਡਲ ਅਫ਼ਸਰ ਮੁਹੰਮਦ ਇਮਰਾਨ
• ਵਿਦਿਆਰਥੀਆਂ ਨੇ ਨਵੀਨਤਾਕਾਰੀ ਉਤਪਾਦਾਂ ਅਤੇ ਕਾਰੋਬਾਰੀ ਵਿਚਾਰਾਂ ਨਾਲ ਉੱਦਮਤਾ ਦੀ ਸੋਚ ਨੂੰ ਦਿੱਤੀ ਨਵੀਂ ਉਡਾਣ

ਮਾਲੇਰਕੋਟਲਾ: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਯੰਗ ਇੰਟਰਪ੍ਰੀਨਿਊਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਵਿੱਚ ਉੱਦਮੀ ਸੋਚ, ਨਵੀਨਤਾ ਅਤੇ ਸਵੈ-ਨਿਰਭਰਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਚਲਾਏ ਜਾ ਰਹੇ “ਬਿਜ਼ਨਸ ਬਲਾਸਟਰ ਪ੍ਰੋਗਰਾਮ” ਤਹਿਤ ਅੱਜ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਰੰਗਾਰੰਗ “ਬਿਜ਼ਨਸ ਬਲਾਸਟਰ ਮੇਲੇ” ਦਾ ਆਯੋਜਨ ਕੀਤਾ ਗਿਆ। ਮੇਲੇ ਵਿੱਚ “ਸੀਡ ਮਨੀ” ਪ੍ਰਾਪਤ ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਕਾਰੋਬਾਰੀ ਵਿਚਾਰਾਂ ਨੂੰ ਹਕੀਕਤ ਦਾ ਰੂਪ ਦਿੰਦਿਆਂ ਵੱਖ-ਵੱਖ ਸਟਾਲਾਂ ਰਾਹੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲੇਸ਼ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਕੂਲ ਦੀ ਪ੍ਰਿੰਸੀਪਲ ਆਰਤੀ ਗੁਪਤਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਕਢਾਈ-ਸਿਲਾਈ ਦੇ ਉਤਪਾਦ, ਸਜਾਵਟੀ ਸਮਾਨ, ਖਾਣ-ਪੀਣ ਦੀਆਂ ਵਸਤੂਆਂ, ਹੱਥ ਨਾਲ ਤਿਆਰ ਕੀਤੇ ਕਲਾਤਮਕ ਸਮਾਨ, ਮਨੋਰੰਜਕ ਗੇਮਾਂ ਅਤੇ ਮਹਿੰਦੀ ਦੀਆਂ ਸਟਾਲਾਂ ਲਗਾ ਕੇ ਆਪਣੀ ਸਿਰਜਣਾਤਮਕਤਾ ਅਤੇ ਕਾਰੋਬਾਰੀ ਸਮਝ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਗਾਹਕਾਂ ਨਾਲ ਸੰਚਾਰ, ਉਤਪਾਦਾਂ ਦੀ ਪੇਸ਼ਕਾਰੀ, ਕੀਮਤ ਨਿਰਧਾਰਨ, ਵਿਕਰੀ ਅਤੇ ਮਾਰਕੀਟਿੰਗ ਵਰਗੇ ਕਾਰੋਬਾਰ ਦੇ ਵਿਹਾਰਕ ਪਹਿਲੂਆਂ ਦਾ ਅਨੁਭਵ ਵੀ ਹਾਸਲ ਕੀਤਾ।
ਇਸ ਮੌਕੇ ਪ੍ਰਿੰਸੀਪਲ ਆਰਤੀ ਗੁਪਤਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿੱਚ ਸਿੱਖਿਆ ਦਾ ਉਦੇਸ਼ ਸਿਰਫ਼ ਡਿਗਰੀ ਪ੍ਰਾਪਤ ਕਰਨਾ ਨਹੀਂ, ਸਗੋਂ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਅਤੇ ਨਵੇਂ ਮੌਕੇ ਸਿਰਜਣ ਦੇ ਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰ ਵਰਗੇ ਉਪਰਾਲੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਸਮੱਸਿਆਵਾਂ ਦੇ ਹੱਲ ਦੀ ਯੋਗਤਾ, ਲੀਡਰਸ਼ਿਪ, ਵਿੱਤੀ ਸਾਖਰਤਾ ਅਤੇ ਨਵੀਨ ਸੋਚ ਦਾ ਵਿਕਾਸ ਕਰਦੇ ਹਨ, ਜੋ ਉਨ੍ਹਾਂ ਨੂੰ ਭਵਿੱਖ ਦੇ ਸਫ਼ਲ ਉੱਦਮੀ ਬਣਨ ਲਈ ਪ੍ਰੇਰਿਤ ਕਰਦੇ ਹਨ।
ਬਲਾਕ ਨੋਡਲ ਅਫ਼ਸਰ ਮੁਹੰਮਦ ਇਮਰਾਨ  ਨੇ ਕਿਹਾ ਕਿ ਨਵਾਂ ਭਾਰਤ ਅਤੇ ਨਵਾਂ ਪੰਜਾਬ ਉਹੀ ਹੋਵੇਗਾ ਜਿੱਥੇ ਨੌਜਵਾਨ ਸਿਰਫ਼ ਨੌਕਰੀ ਲੱਭਣ ਵਾਲੇ (Job Seekers) ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ (Job Creators) ਬਣਨ। ਉਨ੍ਹਾਂ ਕਿਹਾ ਕਿ ਉੱਦਮਤਾ ਹੀ ਆਰਥਿਕ ਤਰੱਕੀ ਅਤੇ ਆਤਮਨਿਰਭਰ ਸਮਾਜ ਦੀ ਮਜ਼ਬੂਤ ਨੀਂਹ ਹੈ ਅਤੇ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਇਹ ਵਿਸ਼ਵਾਸ ਪੈਦਾ ਕਰਦੇ ਹਨ ਕਿ ਇੱਕ ਛੋਟਾ ਵਿਚਾਰ ਵੀ ਵੱਡੇ ਕਾਰੋਬਾਰ ਦਾ ਰੂਪ ਧਾਰ ਸਕਦਾ ਹੈ।
ਜ਼ਿਲ੍ਹਾ ਬਿਜ਼ਨਸ ਬਲਾਸਟਰ ਨੋਡਲ ਆਤਮਾ ਸਿੰਘ ਰਹੀੜਾ ਅਤੇ ਸਾਬਕਾ ਜ਼ਿਲ੍ਹਾ ਨੋਡਲ ਪ੍ਰੇਮ ਸਿੰਘ ਨੇ ਮੇਲੇ ਦੇ ਸੁਚੱਜੇ ਪ੍ਰਬੰਧਾਂ ਅਤੇ ਵਿਦਿਆਰਥੀਆਂ ਦੀ ਰਚਨਾਤਮਕ ਸੋਚ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੰਚ ਨੌਜਵਾਨਾਂ ਨੂੰ ਨਵੀਨਤਾ, ਆਤਮਨਿਰਭਰਤਾ ਅਤੇ ਉੱਦਮਤਾ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਇਸ ਮੌਕੇ ਸਕੂਲ ਦੇ ਬਿਜ਼ਨਸ ਬਲਾਸਟਰ ਨੋਡਲ ਕੁਲਦੀਪ ਸਿੰਘ, ਲੈਕਚਰਾਰ ਗੁਰਜੀਵਨ ਸਿੰਘ, ਸਰਬਜੀਤ ਸਿੰਘ, ਮੁਹੰਮਦ ਖਲੀਲ, ਮਨਦੀਪ ਸਿੰਘ, ਲਖਬੀਰ ਸਿੰਘ, ਹਰਜੀਤ ਕੌਰ, ਹਰਵਿੰਦਰ ਕੌਰ ਵੱਖ-ਵੱਖ ਸਕੂਲਾਂ ਦੇ ਮੁਖੀ,ਅਧਿਆਪਕ, ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।

LEAVE A REPLY

Please enter your comment!
Please enter your name here