Home Punjab ਅੰਮ੍ਰਿਤਸਰ ਪੁਲਿਸ ਨੇ ISI ਨਾਲ ਜੁੜੇ ਕਥਿਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

ਅੰਮ੍ਰਿਤਸਰ ਪੁਲਿਸ ਨੇ ISI ਨਾਲ ਜੁੜੇ ਕਥਿਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

0
2

ਅੰਮ੍ਰਿਤਸਰ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਕਥਿਤ ਤੌਰ ‘ਤੇ ਜੁੜੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ 4 ਨਾਬਾਲਗਾਂ ਸਮੇਤ 9 ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਗੈਰ-ਕਾਨੂੰਨੀ ਪਿਸਤੌਲ, 9 ਜ਼ਿੰਦਾ ਕਾਰਤੂਸ ਅਤੇ ਪੈਟਰੋਲ ਨਾਲ ਭਰੀਆਂ 4 ਬੋਤਲਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਹਮਲਿਆਂ ਲਈ ਵਰਤਿਆ ਜਾਣਾ ਸੀ।

ਮੁੱਢਲੀ ਜਾਂਚ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਵਿਦੇਸ਼ ਵਿੱਚ ਬੈਠੇ ISI ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਕਰਨ, ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰਨ ਅਤੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਪ੍ਰਭਾਵਿਤ ਕਰਨ ਵਰਗੇ ਕੰਮ ਸੌਂਪੇ ਗਏ ਸਨ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸ਼ੱਕੀਆਂ ਨੇ ਰੇਲਵੇ ਪਟੜੀਆਂ ਦੇ ਨੇੜੇ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ। ਇਨ੍ਹਾਂ ਕੈਮਰਿਆਂ ਰਾਹੀਂ ਇਕੱਠੀ ਕੀਤੀ ਗਈ ਫੁਟੇਜ ਵਿਦੇਸ਼ੀ ਹੈਂਡਲਰਾਂ ਨੂੰ ਭੇਜੀ ਜਾਂਦੀ ਸੀ। ਕਰੀਬ ਇੱਕ ਮਹੀਨਾ ਪਹਿਲਾਂ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ‘ਤੇ OHE ਖੰਭੇ ਉੱਤੇ ਸੋਲਰ ਪੈਨਲ ਨਾਲ ਚੱਲਣ ਵਾਲਾ ਇੱਕ ਸੀਸੀਟੀਵੀ ਕੈਮਰਾ ਮਿਲਿਆ ਸੀ। ਉਸ ਕੈਮਰੇ ਦੇ ਸਿਮ ਕਾਰਡ ਦੇ ਆਧਾਰ ‘ਤੇ ਪੁਲਿਸ ਨੇ ਗੁਰਦੇਵ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਸੀ, ਜਿਸ ਤੋਂ ਬਾਅਦ ਇਸ ਕਥਿਤ ਨੈੱਟਵਰਕ ਦੇ ਹੋਰ ਲਿੰਕ ਸਾਹਮਣੇ ਆਏ।

ਪੁਲਿਸ ਨੇ ਮੋਹਕਮਪੁਰਾ, ਏਅਰਪੋਰਟ ਅਤੇ ਸੀ-ਡਿਵੀਜ਼ਨ ਥਾਣਿਆਂ ਵਿੱਚ ਵੱਖ-ਵੱਖ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ, ਨੈੱਟਵਰਕ ਦੇ ਫੰਡਿੰਗ ਸੋਰਸ, ਹੋਰ ਸਾਥੀਆਂ ਅਤੇ ਵਿਦੇਸ਼ੀ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here