Home Punjab ਨੌਜਵਾਨ ਨੂੰ ਦਿਨ-ਦਿਹਾੜੇ ਅਗਵਾ ਕਰਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ; ਪਰਿਵਾਰ ਨੇ ਪੁਲਿਸ...

ਨੌਜਵਾਨ ਨੂੰ ਦਿਨ-ਦਿਹਾੜੇ ਅਗਵਾ ਕਰਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ; ਪਰਿਵਾਰ ਨੇ ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ

0
3

ਜਗਰਾਉਂ: ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕੱਚਾ ਮਲਕ ਰੋਡ ਸਥਿਤ ਗੈਸ ਵਾਲੀ ਗਲੀ ਦੇ ਰਹਿਣ ਵਾਲੇ ਨੌਜਵਾਨ ਸੰਨੀ ਕੁਮਾਰ ਨੂੰ ਕਥਿਤ ਤੌਰ ‘ਤੇ ਦਿਨ-ਦਿਹਾੜੇ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਮਾਮਲੇ ਵਿੱਚ ਪਰਿਵਾਰ ਨੇ ਥਾਣਾ ਸਿਟੀ ਪੁਲਿਸ ‘ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।

ਪੀੜਤ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕੁਝ ਵਿਅਕਤੀ ਸੰਨੀ ਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਮ ਕਰੀਬ 3:30 ਤੋਂ 4:00 ਵਜੇ ਦੇ ਵਿਚਕਾਰ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ, ਪਰ ਸਮੇਂ ਸਿਰ ਕਾਰਵਾਈ ਨਾ ਹੋਣ ਕਾਰਨ ਨੌਜਵਾਨ ਨੂੰ ਗੰਭੀਰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ।

ਪਰਿਵਾਰ ਮੁਤਾਬਕ ਦੇਰ ਸ਼ਾਮ ਕਰੀਬ 8:30 ਵਜੇ ਇੱਕ ਰਾਹਗੀਰ ਨੇ ਸੂਚਨਾ ਦਿੱਤੀ ਕਿ ਸੰਨੀ ਕੁਮਾਰ ਅੱਡਾ ਰਾਏਕੋਟ ਨੇੜੇ ਰਾਣੀ ਵਾਲਾ ਖੂਹ ਕੋਲ ਸੜਕ ਕਿਨਾਰੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਿਆ ਹੈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਸ ਨਾਲ ਲੋਹੇ ਦੀਆਂ ਰਾਡਾਂ ਅਤੇ ਹੋਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ।

ਪੀੜਤ ਦੇ ਦੋਸਤ ਆਕਾਸ਼ਦੀਪ ਨੇ ਦੱਸਿਆ ਕਿ ਕਥਿਤ ਅਗਵਾ ਨਾਨਕਸਰ ਰੋਡ ਤੋਂ ਦੁਪਹਿਰ 2:30 ਤੋਂ 3:00 ਵਜੇ ਦੇ ਵਿਚਕਾਰ ਹੋਇਆ ਸੀ। ਪਰਿਵਾਰ ਅਤੇ ਜਾਣੂਆਂ ਦਾ ਦੋਸ਼ ਹੈ ਕਿ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਸੀ। ਉਨ੍ਹਾਂ ਦੇ ਅਨੁਸਾਰ, ਕੁਝ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਹਮਲਾਵਰਾਂ ਨੂੰ ਸ਼ੱਕ ਸੀ ਕਿ ਸੰਨੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ, ਜਿਸ ਦੇ ਚਲਦਿਆਂ ਇਹ ਹਮਲਾ ਕੀਤਾ ਗਿਆ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਅਸਲ ਕਾਰਨਾਂ ਅਤੇ ਦੋਸ਼ੀਆਂ ਦੀ ਭੂਮਿਕਾ ਬਾਰੇ ਅਧਿਕਾਰਤ ਜਾਂਚ ਤੋਂ ਬਾਅਦ ਹੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।

LEAVE A REPLY

Please enter your comment!
Please enter your name here