ਮੋਹਾਲੀ: ਵਿਧਾਨ ਸਭਾ ਹਲਕਾ ਮੋਹਾਲੀ ਤੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਅਧੀਨ ਸ਼ਰਧਾਲੂਆਂ ਦੀ 5ਵੀਂ ਬੱਸ ਰਵਾਨਾ ਕੀਤੀ ਗਈ। ਇਸ ਮੌਕੇ ‘ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਮਟੌਰ ਵਿਖੇ ਪਹੁੰਚੇ ਅਤੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮੋਹਾਲੀ ਤੋਂ ਪੰਜਵੀਂ ਬੱਸ ਭੇਜੀ ਗਈ ਹੈ ਅਤੇ ਸ਼ਰਧਾਲੂਆਂ ਵਿੱਚ ਬੇਹੱਦ ਸ਼ਰਧਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਹ ਦ੍ਰਿਸ਼ ਦੇਖ ਕੇ ਉਨ੍ਹਾਂ ਨੂੰ ਖਾਸ ਤਸੱਲੀ ਅਤੇ ਸਕੂਨ ਮਹਿਸੂਸ ਹੋ ਰਿਹਾ ਹੈ।
ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ
ਉਨ੍ਹਾਂ ਦੱਸਿਆ ਕਿ ਇਹ ਜੱਥਾ ਅੰਮ੍ਰਿਤਸਰ ਦੇ ਪ੍ਰਮੁੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੇਗਾ, ਜਿਨ੍ਹਾਂ ਵਿੱਚ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ, ਰਾਮ ਤੀਰਥ ਮੰਦਰ, ਵਾਲਮੀਕੀ ਮੰਦਰ, ਜਲਿਆਂਵਾਲਾ ਬਾਗ, ਵਾਗ੍ਹਾ ਬਾਡਰ ਸ਼ਾਮਲ ਹਨ।
ਵਿਧਾਇਕ ਨੇ ਕਿਹਾ ਕਿ ਜਿੱਥੇ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਆਸਥਾ ਦੇ ਕੇਂਦਰ ਹਨ, ਉੱਥੇ ਜਲਿਆਂਵਾਲਾ ਬਾਗ ਦੇ ਦਰਸ਼ਨ ਕਰਕੇ ਸਾਰੇ ਸ਼ਹੀਦਾਂ ਦੀ ਕੁਰਬਾਨੀ ਭਰਿਆ ਇਤਿਹਾਸ ਯਾਦ ਆਉਂਦਾ ਹੈ।
ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਆਵਾਜਾਈ ਅਤੇ ਰਹਾਇਸ਼ ਦਾ ਪੂਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੀਤਾ ਗਿਆ ਹੈ।
ਵਿਧਾਇਕ ਨੇ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਵੀ ਅਜਿਹੀ ਯਾਤਰਾ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ ਹੈ ਅਤੇ ਆਸ ਹੈ ਕਿ ਭਵਿੱਖ ਵਿੱਚ ਇਹ ਯੋਜਨਾ ਵੀ ਸ਼ੁਰੂ ਹੋ ਸਕਦੀ ਹੈ।
ਮੋਹਾਲੀ ਨਗਰ ਨਿਗਮ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਚੋਣਾਂ ਤੈਅ ਸਮੇਂ ਅੰਦਰ ਹੀ ਕਰਵਾਈਆਂ ਜਾਣਗੀਆਂ। ਸਬੰਧਤ ਵਿਭਾਗ ਵੱਲੋਂ ਮਾਨਯੋਗ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਜਾ ਚੁੱਕਾ ਹੈ ਅਤੇ ਲੋਕਤੰਤਰਕ ਪ੍ਰਕਿਰਿਆ ਤਹਿਤ ਚੋਣਾਂ ਹੋਣੀਆਂ ਨਿਸ਼ਚਿਤ ਹਨ।
ਇਸ ਮੌਕੇ ਸਾਬਕਾ ਕੌਂਸਲਰ ਫੂਲਰਾਜ ਸਿੰਘ (ਹਲਕਾ ਕੋਆਰਡੀਨੇਟਰ), ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ, ਰਣਦੀਪ ਸਿੰਘ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ, ਸੁਰਿੰਦਰ ਸਿੰਘ ਸਿੰਦਾ, ਅਕਬਿੰਦਰ ਸਿੰਘ ਗੋਸਲ ਅਤੇ ਜਤਿੰਦਰ ਸਿੰਘ ਪੰਮਾ ਵੀ ਹਾਜ਼ਰ ਸਨ।






