Saturday, September 26, 2026
Home Punjab Malerkotla ਅਮਰਗੜ੍ਹ ਦੇ ਅੰਬਰ ’ਤੇ 500 ਡਰੋਨਾਂ ਨੇ ਰੌਸ਼ਨੀ ਨਾਲ ਉਕੇਰਿਆ ਸ੍ਰੀ ਗੁਰੂ...

ਅਮਰਗੜ੍ਹ ਦੇ ਅੰਬਰ ’ਤੇ 500 ਡਰੋਨਾਂ ਨੇ ਰੌਸ਼ਨੀ ਨਾਲ ਉਕੇਰਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਸਰਬ-ਸਾਂਝੀਵਾਲਤਾ ਦਾ ਸੰਦੇਸ਼

0
2
• ਹਜ਼ਾਰਾਂ ਸੰਗਤਾਂ ਨੇ ਮਾਣੀ ਅਲੌਕਿਕ ਪੇਸ਼ਕਾਰੀ; ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਦਾ ਮਾਰਗ ਬਣਾਉਣ ਦਾ ਦਿੱਤਾ ਸੱਦਾ
• 25 ਸਤੰਬਰ ਨੂੰ ਮਾਲੇਰਕੋਟਲਾ ਵਿਖੇ ਵੀ ਸਜੇਗਾ 500 ਡਰੋਨਾਂ ਦਾ ਰੌਸ਼ਨ ਮੰਚ; ਗੱਜਣਮਾਜਰਾ ਵੱਲੋਂ ਅਵਾਮ ਨੂੰ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ
ਅਮਰਗੜ੍ਹ/ਮਾਲੇਰਕੋਟਲਾ:
                             ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅਮਰਗੜ੍ਹ ਵਿਖੇ ਕਰਵਾਏ ਗਏ ਵਿਸ਼ੇਸ਼ ਡਰੋਨ ਸ਼ੋਅ ਨੇ ਗੁਰੂ ਜੀ ਦੀ ਬਾਣੀ, ਜੀਵਨ-ਦਰਸ਼ਨ ਅਤੇ ਮਨੁੱਖੀ ਬਰਾਬਰੀ ਦੇ ਸੰਦੇਸ਼ ਨੂੰ ਰੌਸ਼ਨੀ ਦੀ ਭਾਸ਼ਾ ਵਿੱਚ ਸਾਕਾਰ ਕੀਤਾ। ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਸਮੇਤ ਹਜ਼ਾਰਾਂ ਸੰਗਤਾਂ ਨੇ ਇਸ ਵਿਲੱਖਣ ਪੇਸ਼ਕਾਰੀ ਦਾ ਆਨੰਦ ਮਾਣਿਆ।
                      ਸ਼ਾਮ ਢਲਦਿਆਂ 500 ਡਰੋਨਾਂ ਨੇ ਅੰਬਰ ’ਤੇ ਵੱਖ-ਵੱਖ ਰੌਸ਼ਨ ਆਕ੍ਰਿਤੀਆਂ ਸਿਰਜ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ ਅਤੇ ਵਿਚਾਰਧਾਰਾ ਦੇ ਵੱਖ-ਵੱਖ ਪੱਖਾਂ ਨੂੰ ਦ੍ਰਿਸ਼ਮਾਨ ਕੀਤਾ। ਆਧੁਨਿਕ ਤਕਨੀਕ ਰਾਹੀਂ ਰੂਹਾਨੀ ਵਿਰਾਸਤ ਦੀ ਹੋਈ ਇਸ ਪੇਸ਼ਕਾਰੀ ਨੇ ਖ਼ਾਸ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰੂ ਜੀ ਦੇ ਸੰਦੇਸ਼ ਨਾਲ ਜੋੜਨ ਲਈ ਨਵਾਂ ਮਾਧਿਅਮ ਪੇਸ਼ ਕੀਤਾ।
                      ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਰਸਾਇਆ ਬਰਾਬਰੀ, ਕਿਰਤ, ਮਨੁੱਖੀ ਮਾਣ ਅਤੇ ਭਾਈਚਾਰਕ ਸਾਂਝ ਦਾ ਰਾਹ ਅੱਜ ਵੀ ਸਮਾਜ ਲਈ ਰਾਹ-ਦਸੇਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ 92 ਵਿਧਾਨ ਸਭਾ ਹਲਕਿਆਂ ਵਿੱਚ ਕਰਵਾਏ ਜਾ ਰਹੇ ਡਰੋਨ ਸ਼ੋਅ ਗੁਰੂ ਜੀ ਦੀ ਵਿਚਾਰਧਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਨਿਵੇਕਲਾ ਉਪਰਾਲਾ ਹਨ।
ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਜੀ ਦੀ ਬਾਣੀ, ਜੀਵਨ-ਦਰਸ਼ਨ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਡਰੋਨ ਸ਼ੋਅ, ਪਿੰਡਾਂ ਵਿੱਚ ਵਿਸ਼ੇਸ਼ ਡਾਕੂਮੈਂਟਰੀਆਂ ਅਤੇ ਹੋਰ ਸਮਾਗਮ ਕਰਵਾਉਣਾ ਸ਼ਰਧਾ ਨੂੰ ਲੋਕ-ਚੇਤਨਾ ਨਾਲ ਜੋੜਨ ਦਾ ਸਾਰਥਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਰਾਹੀਂ ਖ਼ਾਸ ਕਰਕੇ ਨਵੀਂ ਪੀੜ੍ਹੀ ਨੂੰ ਗੁਰੂ ਜੀ ਦੇ ਬਰਾਬਰੀ, ਮਨੁੱਖੀ ਮਾਣ ਅਤੇ ਭਾਈਚਾਰਕ ਸਾਂਝ ਦੇ ਫਲਸਫ਼ੇ ਨਾਲ ਜੋੜਨ ਦਾ ਵੱਡਾ ਮੌਕਾ ਮਿਲ ਰਿਹਾ ਹੈ। ਸਮਾਗਮ ਦੇ ਰੂਹਾਨੀ ਰੰਗ ਨੂੰ ਹੋਰ ਗੂੜ੍ਹਾ ਕਰਦਿਆਂ ਤਰਸੇਮ ਸਿੰਘ ਖੇਤਲਾ ਦੇ ਢਾਡੀ ਜੱਥੇ ਨੇ ਵਾਰਾਂ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਕ ਅਤੇ ਅਧਿਆਤਮਿਕ ਵਿਰਾਸਤ ਨਾਲ ਜੋੜਿਆ।
                    ਉਨ੍ਹਾਂ ਕਿਹਾ ਕਿ ਇਹ ਰੌਸ਼ਨ ਪੇਸ਼ਕਾਰੀ ਸਿਰਫ਼ ਦੇਖਣ ਦਾ ਅਨੁਭਵ ਨਹੀਂ, ਸਗੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰੀ, ਭਾਈਚਾਰੇ, ਸਮਾਜਿਕ ਨਿਆਂ ਅਤੇ ਮਨੁੱਖੀ ਮਾਣ ਦੇ ਸਦੀਵੀ ਸੰਦੇਸ਼ ਨਾਲ ਨਵੀਂ ਪੀੜ੍ਹੀ ਦੀ ਸਾਂਝ ਪਾਉਣ ਦਾ ਮੌਕਾ ਹੈ। ਉਨ੍ਹਾਂ ਅਵਾਮ ਨੂੰ ਸੱਦਾ ਦਿੱਤਾ ਕਿ 25 ਸਤੰਬਰ ਨੂੰ ਸ਼ਾਮ 6 ਵਜੇ ਅਲ-ਫਲਾਹ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਾਲੇਰਕੋਟਲਾ ਵਿਖੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਪਹੁੰਚ ਕੇ 500 ਡਰੋਨਾਂ ਦੀ ਵਿਲੱਖਣ ਪੇਸ਼ਕਾਰੀ ਦੇ ਸਾਕਸ਼ੀ ਬਣਨ। ਉਨ੍ਹਾਂ ਨੌਜਵਾਨਾਂ, ਵਿਦਿਆਰਥੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਭਰਵੀਂ ਸ਼ਮੂਲੀਅਤ ਦੀ ਅਪੀਲ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਰਿੰਪੀ ਗਰਗ,ਐਸ.ਡੀ.ਐਮ. ਅਮਰਗੜ੍ਹ ਰਾਜੇਸ ਕੁਮਾਰ ਸ਼ਰਮਾਂ, ਐਸ.ਪੀ ਰਾਜਵਿੰਦਰ ਸਿੰਘ ਰੰਧਾਵਾ, ਡੀ.ਐਸ.ਪੀ, ਅਮਰਗੜ੍ਹ ਸੰਜੀਵ ਕਪੂਰ, ਡੀ.ਐਸ.ਪੀ. ਸਤੀਸ ਕੁਮਾਰ,ਡੀ.ਐਸ.ਪੀ. ਦੀਪਇੰਦਰ ਸਿੰਘ ਜੈਜੀ, ਕਾਰਜ ਸਾਧਕ ਅਫਸਰ, ਅ ਮਰਗੜ੍ਹ ਅਸ਼ੀਸ਼ ਕੁਮਾਰ, ਨਾਇਬ ਤਹਿਸੀਲਦਾਰ, ਅਮਰਗੜ੍ਹ ਪ੍ਰਵੀਨ ਕੁਮਾਰ, ਵਿਧਾਇਕ ਦੀ ਧਰਮਪਤਨੀ ਡਾ. ਪਰਮਿੰਦਰ ਕੌਰ ਮੰਡੇਰ, ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ ਰੁਚਿਕਾ ਕੌੜਾ, ਚੇਅਰਮੈਨ ਮਾਰਕਿਟ ਕਮੇਟੀ, ਅਮਰਗੜ੍ਹ ਹਰਪ੍ਰੀਤ ਸਿੰਘ ਹੈਪੀ ਨੰਗਲ, ਵਿਧਾਇਕ ਦੇ ਪੀ.ਏ ਰਾਜੀਵ ਕੁਮਾਰ, ਅਭੀਜੋਤ ਸਿੰਘ, ਜ਼ਿਲ੍ਹਾ ਮੀਡੀਆ ਕੁਆਡੀਨੇਟਰ ਹਰਪ੍ਰੀਤ ਸਿੰਘ ਰੂਪਰਾਏ ਤੋ ਇਲਾਵਾ ਸਮੂਹ ਨਗਰ ਸੰਗਤ ਸ਼ਾਮਲ ਹੋਈ ।

LEAVE A REPLY

Please enter your comment!
Please enter your name here