ਰਾਖੀਗੜ੍ਹੀ ਮਹੋਤਸਵ-2026 ਦਾ ਸ਼ਾਨਦਾਰ ਆਗਾਜ਼, ਗ੍ਰਾਮ ਪੰਚਾਇਤ ਨੂੰ 51 ਲੱਖ ਰੁਪਏ ਦੇਣ ਦਾ ਐਲਾਨ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਖੀਗੜ੍ਹੀ ਦੀ ਧਰਤੀ ਵਿੱਚ ਸਾਡੇ ਪੁਰਖਿਆਂ ਦੀ ਮਿਹਨਤ, ਹੁਨਰ ਅਤੇ ਵਿਕਸਿਤ ਸਭਿਆਚਾਰ ਦੀਆਂ ਅਨਮੋਲ ਯਾਦਾਂ ਸਮਾਈਆਂ ਹੋਈਆਂ ਹਨ। ਇਹ ਇਤਿਹਾਸਕ ਸਥਾਨ ਸਾਡੀ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ, ਸੱਭਿਆਚਾਰਕ ਪਛਾਣ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਸੂਬਾ ਸਰਕਾਰ ਰਾਖੀਗੜ੍ਹੀ ਦੀ ਵਿਰਾਸਤ ਨੂੰ ਸੰਭਾਲਣ, ਪੁਰਾਤੱਤਵ ਖੋਜ ਨੂੰ ਉਤਸ਼ਾਹਿਤ ਕਰਨ, ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਅਤੇ ਸਥਾਨਕ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੁੱਖ ਮੰਤਰੀ ਸੋਮਵਾਰ ਨੂੰ ਹਾਂਸੀ ਜ਼ਿਲ੍ਹੇ ਦੇ ਰਾਖੀਗੜ੍ਹੀ ਵਿਖੇ ਸੱਤ ਦਿਨਾਂ ‘ਰਾਖੀਗੜ੍ਹੀ ਮਹੋਤਸਵ-2026’ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਸਾਲ ਮਹੋਤਸਵ ਦਾ ਵਿਸ਼ਾ ‘ਮਿੱਟੀ ਤੋਂ ਮਹੋਤਸਵ ਤੱਕ’ ਰੱਖਿਆ ਗਿਆ ਹੈ। ਇਸ ਮੌਕੇ ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਮੁੱਖ ਮੰਤਰੀ ਨੇ ਰਾਖੀਗੜ੍ਹੀ ਦੀ ਗ੍ਰਾਮ ਪੰਚਾਇਤ ਵੱਲੋਂ ਪੇਸ਼ ਕੀਤੇ ਗਏ ਮੰਗ ਪੱਤਰ ’ਤੇ ਹਾਂ-ਪੱਖੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਪੰਚਾਇਤ ਨੂੰ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਰਾਖੀਗੜ੍ਹੀ ਵਿਖੇ ਨਿਰਮਾਣ ਅਧੀਨ ਅਜਾਇਬ ਘਰ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮਹੋਤਸਵ ਦੌਰਾਨ ਲਗਾਈਆਂ ਗਈਆਂ ਵੱਖ-ਵੱਖ ਪ੍ਰਦਰਸ਼ਨੀ ਅਤੇ ਵਿਕਰੀ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਉੱਥੋਂ ਖਰੀਦਦਾਰੀ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਖੇਡ ਗਤੀਵਿਧੀਆਂ ਅਤੇ ਸਥਾਨ ’ਤੇ ਕਰਵਾਏ ਜਾ ਰਹੇ ਹੋਰ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਮੁੱਖ ਮੰਤਰੀ ਨੇ ਪੁਰਾਤੱਤਵ ਵਿਭਾਗ ਵੱਲੋਂ ਲਗਾਈ ਗਈ ਖੁਦਾਈ ਦੀ ਪ੍ਰਦਰਸ਼ਨੀ ਦਾ ਵੀ ਨਿਰੀਖਣ ਕੀਤਾ। ਇਸ ਪ੍ਰਦਰਸ਼ਨੀ ਰਾਹੀਂ ਖੁਦਾਈ ਦੀ ਪ੍ਰਕਿਰਿਆ ਨੂੰ ਸਮਝਾਇਆ ਗਿਆ ਅਤੇ ਖੁਦਾਈ ਦੌਰਾਨ ਮਿਲੀਆਂ ਇਤਿਹਾਸਕ ਵਸਤਾਂ ਤੇ ਪੁਰਾਤਨ ਅਵਸ਼ੇਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੈਬਨਿਟ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਅਤੇ ਹਰਿਆਣਾ ਦੇ ਵਿਰਾਸਤ ਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਪੁਰਾਤਨ ਸੀਲ ਦਾ ਵੀ ਨਿਰੀਖਣ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਮਹੋਤਸਵ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ, ਆਪਣੀ ਸ਼ਾਨਦਾਰ ਵਿਰਾਸਤ ਨੂੰ ਸਮਝਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦਾ ਮਹੱਤਵਪੂਰਨ ਮੌਕਾ ਹੈ। ‘ਮਿੱਟੀ ਤੋਂ ਮਹੋਤਸਵ ਤੱਕ’ ਦਾ ਵਿਸ਼ਾ ਸਾਡੀ ਸੱਭਿਆਚਾਰਕ ਯਾਤਰਾ ਅਤੇ ਜੀਵਨ ਨਾਲ ਮਿੱਟੀ ਦੇ ਡੂੰਘੇ ਸਬੰਧ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਇਹੀ ਮਿੱਟੀ ਕਿਸਾਨ ਦੇ ਹੱਥਾਂ ਵਿੱਚ ਅੰਨ ਪੈਦਾ ਕਰਦੀ ਹੈ, ਘੁਮਿਆਰ ਦੇ ਹੱਥਾਂ ਵਿੱਚ ਸੁੰਦਰ ਆਕਾਰ ਧਾਰਨ ਕਰਦੀ ਹੈ ਅਤੇ ਕਲਾਕਾਰ ਦੇ ਹੱਥਾਂ ਵਿੱਚ ਸੱਭਿਆਚਾਰਕ ਕਲਾ ਦਾ ਰੂਪ ਲੈ ਲੈਂਦੀ ਹੈ। ਮਿੱਟੀ ਸਿਰਫ਼ ਧਰਤੀ ਦਾ ਹਿੱਸਾ ਨਹੀਂ, ਸਗੋਂ ਸਾਡੀ ਪਛਾਣ, ਸਾਡੀ ਪਰੰਪਰਾ ਅਤੇ ਸਾਡੇ ਜੀਵਨ ਦਾ ਅਹਿਮ ਆਧਾਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਨੇ ਪੂਰੀ ਮਨੁੱਖਤਾ ਨੂੰ ਕਰਮ ਅਤੇ ਫ਼ਰਜ਼ ਨਿਭਾਉਣ ਦਾ ਸੰਦੇਸ਼ ਦਿੱਤਾ ਹੈ, ਜਦਕਿ ਰਾਖੀਗੜ੍ਹੀ ਹਜ਼ਾਰਾਂ ਸਾਲ ਪਹਿਲਾਂ ਦੀ ਵਿਕਸਿਤ ਮਨੁੱਖੀ ਸਭਿਅਤਾ ਦੀ ਸ਼ਾਨਦਾਰ ਤਸਵੀਰ ਪੇਸ਼ ਕਰਦੀ ਹੈ। ਇਸ ਇਤਿਹਾਸਕ ਧਰਤੀ ਦੀਆਂ ਪਰਤਾਂ ਵਿੱਚ ਮਨੁੱਖੀ ਜੀਵਨ, ਦਸਤਕਾਰੀ, ਖੇਤੀਬਾੜੀ ਅਤੇ ਭਾਈਚਾਰਕ ਪ੍ਰਣਾਲੀ ਦੇ ਵਿਕਾਸ ਦੀ ਮਹੱਤਵਪੂਰਨ ਕਹਾਣੀ ਸੁਰੱਖਿਅਤ ਹੈ।
ਉਨ੍ਹਾਂ ਅੱਗੇ ਕਿਹਾ ਕਿ ਰਾਖੀਗੜ੍ਹੀ ਵਿੱਚੋਂ ਮਿਲੇ ਮਿੱਟੀ ਦੇ ਭਾਂਡੇ, ਮਣਕੇ, ਮੋਹਰਾਂ ਅਤੇ ਦਸਤਕਾਰੀ ਨਾਲ ਸਬੰਧਤ ਹੋਰ ਵਸਤਾਂ ਸਾਡੇ ਪੁਰਖਿਆਂ ਦੀ ਕਲਾ, ਸਿਰਜਣਾਤਮਕਤਾ ਅਤੇ ਤਕਨੀਕੀ ਮੁਹਾਰਤ ਦੀ ਗਵਾਹੀ ਭਰਦੀਆਂ ਹਨ। ਇਹ ਅਵਸ਼ੇਸ਼ ਸਾਨੂੰ ਆਪਣੇ ਅਮੀਰ ਇਤਿਹਾਸ ਨਾਲ ਜੋੜਦੇ ਹਨ ਅਤੇ ਇਸ ਗੱਲ ਦਾ ਅਹਿਸਾਸ ਕਰਵਾਉਂਦੇ ਹਨ ਕਿ ਸਾਡੀ ਸਭਿਅਤਾ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਅਤੇ ਮਜ਼ਬੂਤ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਵਰਗੇ ਇਤਿਹਾਸਕ ਸਥਾਨਾਂ ਦੀ ਸੰਭਾਲ ਕਰਨਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦਾ ਸਾਂਝਾ ਫ਼ਰਜ਼ ਹੈ। ਅਜਿਹੇ ਮਹੋਤਸਵ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ, ਸਥਾਨਕ ਕਲਾ ਅਤੇ ਹੁਨਰ ਨੂੰ ਉਤਸ਼ਾਹਿਤ ਕਰਨ ਅਤੇ ਸੈਰ-ਸਪਾਟੇ ਰਾਹੀਂ ਖੇਤਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।



