ਸੁੱਖ ਦਾ ਸਥਾਈ ਟਿਕਾਣਾ ਗੁਰਮਤਿ ਨੂੰ ਜੀਵਨ ਵਿੱਚ ਅਪਣਾਉਣ ਨਾਲ ਹੀ ਮਿਲਦਾ ਹੈ
ਸੰਸਾਰ ਦਾ ਹਰ ਮਨੁੱਖ ਆਪਣੇ ਘਰ-ਪਰਿਵਾਰ ਅਤੇ ਜੀਵਨ ਵਿੱਚ ਸਦਾ ਸੁੱਖ-ਸ਼ਾਂਤੀ ਚਾਹੁੰਦਾ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਉਸ ਦੇ ਘਰ ਵਿੱਚ ਦੁੱਖ, ਤਕਲੀਫ਼ ਜਾਂ ਕਲੇਸ਼ ਹੋਵੇ। ਪਰ ਸਥਾਈ ਸੁੱਖ ਦੀ ਪ੍ਰਾਪਤੀ ਨਾ ਤਾਂ ਆਲੀਸ਼ਾਨ ਮਕਾਨਾਂ ਨਾਲ ਹੁੰਦੀ ਹੈ, ਨਾ ਹੀ ਧਨ-ਦੌਲਤ ਅਤੇ ਵੱਡੇ ਪਰਿਵਾਰ ਨਾਲ। ਅਸਲ ਸੁੱਖ ਉੱਥੇ ਹੀ ਵੱਸਦਾ ਹੈ, ਜਿੱਥੇ ਗੁਰਮਤਿ ਅਰਥਾਤ ਗੁਰੂ ਦੀ ਸਿੱਖਿਆ ਅਤੇ ਮਤਿ ਨੂੰ ਜੀਵਨ ਵਿੱਚ ਅਪਣਾਇਆ ਜਾਂਦਾ ਹੈ।
ਭਾਵੇਂ ਸਾਡਾ ਸਰੀਰ ਰੂਪੀ ਘਰ ਹੋਵੇ ਜਾਂ ਇੱਟਾਂ-ਗਾਰੇ ਨਾਲ ਬਣਿਆ ਮਕਾਨ, ਜਿੱਥੇ ਗੁਰੂ ਦੀ ਮਤਿ ਅਨੁਸਾਰ ਜੀਵਨ ਬਤੀਤ ਕੀਤਾ ਜਾਂਦਾ ਹੈ, ਉੱਥੇ ਨਾ ਖੋਹਾ-ਖੋਹੀ ਰਹਿੰਦੀ ਹੈ ਅਤੇ ਨਾ ਹੀ ਤੇਰਾ-ਮੇਰਾ। ਅਜਿਹੇ ਘਰ ਵਿੱਚ ਹਮੇਸ਼ਾ ਆਪਸੀ ਪਿਆਰ, ਸਤਿਕਾਰ, ਮਿਲਵਰਤਣ, ਬਰਕਤ ਅਤੇ ਗੁਰੂ ਦੀ ਰਹਿਮਤ ਬਣੀ ਰਹਿੰਦੀ ਹੈ। ਉੱਥੇ ਰਾਗ-ਦਵੈਸ਼, ਈਰਖਾ, ਦੁੱਖ ਅਤੇ ਕਲੇਸ਼ ਲਈ ਕੋਈ ਥਾਂ ਨਹੀਂ ਰਹਿੰਦੀ।
ਇਸ ਲਈ ਸੁਖੀ ਅਤੇ ਆਨੰਦਮਈ ਜੀਵਨ ਬਤੀਤ ਕਰਨ ਦਾ ਇੱਕੋ-ਇੱਕ ਰਸਤਾ ਹੈ ਕਿ ਅਸੀਂ ਗੁਰੂ ਦੀ ਮਤਿ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਅਤੇ ਉਸ ਅਨੁਸਾਰ ਚੱਲੀਏ।
ਇਹ ਵਿਚਾਰ ਸੰਤ ਨਿਰੰਕਾਰੀ ਮੰਡਲ, ਦਿੱਲੀ ਦੇ ਸਕੱਤਰ ਸ੍ਰੀ ਜੋਗਿੰਦਰ ਸੁਖੇਜਾ ਜੀ ਨੇ ਅੱਜ ਖੇਤਰੀ ਸੰਚਾਲਕ, ਚੰਡੀਗੜ੍ਹ ਸ੍ਰੀ ਕਰਨੈਲ ਸਿੰਘ ਭੁੱਲਰ ਜੀ ਦੇ ਸੈਕਟਰ-21 ਸਥਿਤ ਨਵੇਂ ਨਿਵਾਸ ਸਥਾਨ ਵਿਖੇ ਕਰਵਾਏ ਗਏ ਨਿਰੰਕਾਰੀ ਸੰਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ।



