Home National  ਐਸ. ਜੈਸ਼ੰਕਰ ਦੀ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨਾਲ ਮੁਲਾਕਾਤ

 ਐਸ. ਜੈਸ਼ੰਕਰ ਦੀ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨਾਲ ਮੁਲਾਕਾਤ

0
128

ਅਮਰੀਕਾ: ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨਾਲ ਮਹੱਤਵਪੂਰਨ ਮੁਲਾਕਾਤ ਕਰਕੇ ਭਾਰਤ-ਅਮਰੀਕਾ ਦਰਮਿਆਨ ਆਰਥਿਕ ਭਾਈਵਾਲੀ ਅਤੇ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਇਹ ਮੁਲਾਕਾਤ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਅਹਿਮ ਕਦਮ ਮੰਨੀ ਜਾ ਰਹੀ ਹੈ।

ਮੁਲਾਕਾਤ ਤੋਂ ਬਾਅਦ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਦਿਆਂ ਕਿਹਾ,
“ਅੱਜ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ। ਭਾਰਤ-ਅਮਰੀਕਾ ਆਰਥਿਕ ਭਾਈਵਾਲੀ ਅਤੇ ਰਣਨੀਤਕ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਇੱਕ ਫਲਦਾਇਕ ਚਰਚਾ ਹੋਈ।”

ਉੱਥੇ ਹੀ, ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਵੀ ਮੁਲਾਕਾਤ ਨੂੰ ਸਕਾਰਾਤਮਕ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਜੈਸ਼ੰਕਰ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਬੇਸੈਂਟ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਸਪਲਾਈ ਚੇਨਾਂ ਨੂੰ ਸੁਰੱਖਿਅਤ ਕਰਨ ਦੇ ਮਹੱਤਵ ਨਾਲ ਨਾਲ ਆਪਸੀ ਹਿੱਤ ਨਾਲ ਜੁੜੇ ਹੋਰ ਕਈ ਰਾਸ਼ਟਰੀ ਅਤੇ ਆਰਥਿਕ ਸੁਰੱਖਿਆ ਮੁੱਦਿਆਂ ‘ਤੇ ਵੀ ਚਰਚਾ ਕੀਤੀ।

ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ 2 ਤੋਂ 4 ਫਰਵਰੀ ਤੱਕ ਅਮਰੀਕਾ ਦੇ ਦੌਰੇ ‘ਤੇ ਹਨ। ਇਸ ਦੌਰਾਨ ਬੁੱਧਵਾਰ ਨੂੰ ਉਹ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਬੁਲਾਈ ਗਈ ਇੱਕ ਅਹਿਮ ਖਣਿਜ ਮੰਤਰੀ ਪੱਧਰੀ ਮੀਟਿੰਗ ਵਿੱਚ ਵੀ ਹਿੱਸਾ ਲੈਣਗੇ।

ਇਸ ਤੋਂ ਇਲਾਵਾ, ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰਾਲੇ ਵਿੱਚ ਮਾਰਕੋ ਰੂਬੀਓ ਨਾਲ ਦੁਵੱਲੀ ਚਰਚਾ ਵੀ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਵਪਾਰ ਸਮਝੌਤੇ ‘ਤੇ ਬਣੀ ਸਹਿਮਤੀ ਦਾ ਸਵਾਗਤ ਕੀਤਾ। ਨਾਲ ਹੀ ਮਹੱਤਵਪੂਰਨ ਖਣਿਜਾਂ ਦੀ ਖੋਜ ਅਤੇ ਮਾਈਨਿੰਗ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਰਸਮੀ ਰੂਪ ਦੇਣ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਹ ਮੁਲਾਕਾਤ ਉਸ ਐਲਾਨ ਤੋਂ ਇੱਕ ਦਿਨ ਬਾਅਦ ਹੋਈ ਹੈ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਕੀਤਾ ਸੀ। ਟਰੰਪ ਨੇ ਦੱਸਿਆ ਸੀ ਕਿ ਭਾਰਤ ਅਤੇ ਅਮਰੀਕਾ ਇੱਕ ਨਵੇਂ ਵਪਾਰਕ ਸਮਝੌਤੇ ‘ਤੇ ਸਹਿਮਤ ਹੋ ਗਏ ਹਨ, ਜਿਸ ਤਹਿਤ ਅਮਰੀਕਾ ਵੱਲੋਂ ਭਾਰਤ ‘ਤੇ ਲਗਾਏ ਗਏ ਜਵਾਬੀ ਟੈਰਿਫ ਨੂੰ 25 ਪ੍ਰਤੀਸ਼ਤ ਤੋਂ ਘਟਾ ਕੇ 18 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ ਅਤੇ ਗਲੋਬਲ ਆਰਥਿਕ ਮੰਚ ‘ਤੇ ਭਾਰਤ-ਅਮਰੀਕਾ ਸਾਂਝ ਨੂੰ ਨਵੀਂ ਉਚਾਈ ਦੇਵੇਗਾ।

LEAVE A REPLY

Please enter your comment!
Please enter your name here