ਚੰਡੀਗੜ੍ਹ, 26 ਨਵੰਬਰ
ਹਰਿਆਣਾ ਵਿਧਾਨ ਸਭਾ ਦੇ ਅੱਜ ਇੱਥੇ ਆਯੋਜਿਤ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਹੁਣ ਤੱਕ ਵਿਛੜੀਆਂ ਪ੍ਰਮੁੱਖ ਸ਼ਖ਼ਸੀਅਤਾਂ, ਹਰਿਆਣਾ ਦੇ ਸ਼ਹੀਦਾਂ ਅਤੇ ਸਦਨ ਦੇ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੋਕ ਮਤੇ ਪਾਸ ਕੀਤੇ ਗਏ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੋਕ ਮਤੇ ਪੜ੍ਹੇ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਵੀ ਸ਼ੋਕ ਮਤੇ ਪੜ੍ਹੇ ਅਤੇ ਦੁਖੀ ਪਰਿਵਾਰਾਂ ਦੇ ਮੈਂਬਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ। ਵਿਰੋਧੀ ਧਿਰ ਦੇ ਨੇਤਾ ਸ੍ਰੀ ਭੁਪਿੰਦਰ ਸਿੰਘ ਹੁੱਡਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਵਿਧਾਇਕ ਸ੍ਰੀ ਆਦਿੱਤਿਆ ਦੇਵੀਲਾਲ ਨੇ ਵੀ ਆਪੋ-ਆਪਣੀਆਂ ਪਾਰਟੀਆਂ ਵੱਲੋਂ ਸ਼ੋਕ ਮਤੇ ਪੜ੍ਹੇ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ।
ਸਦਨ ਨੇ ਵਿਧਾਇਕ ਸ੍ਰੀਮਤੀ ਪੂਜਾ ਦੇ ਸਹੁਰਾ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਸ੍ਰੀ ਫੂਲ ਚੰਦ ਮੁਲਾਨਾ ਦੇ 20 ਨਵੰਬਰ, 2026 ਨੂੰ ਹੋਏ ਦੁਖਦਾਈ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਸਦਨ ਨੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਮੈਂਬਰ ਸ੍ਰੀ ਸਤਵਿੰਦਰ ਸਿੰਘ ਦੇ 21 ਨਵੰਬਰ, 2026 ਨੂੰ ਹੋਏ ਦੁਖਦਾਈ ਦੇਹਾਂਤ ‘ਤੇ ਵੀ ਡੂੰਘਾ ਸ਼ੋਕ ਪ੍ਰਗਟ ਕੀਤਾ।
ਸਦਨ ਨੇ ਸੂਬੇ ਦੇ ਉਨ੍ਹਾਂ 24 ਬਹਾਦਰ ਸੈਨਿਕਾਂ ਨੂੰ ਵੀ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਮਾਤ-ਭੂਮੀ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਅਦੁੱਤੀ ਸਾਹਸ ਅਤੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਇਨ੍ਹਾਂ ਸ਼ਹੀਦਾਂ ਵਿੱਚ ਇੰਸਪੈਕਟਰ ਸੈਨ ਪ੍ਰਕਾਸ਼, ਝੱਜਰ; ਇੰਸਪੈਕਟਰ ਮਨੋਜ ਕੁਮਾਰ, ਪਿੰਡ ਗੋਦ, ਜ਼ਿਲ੍ਹਾ ਮਹਿੰਦਰਗੜ੍ਹ; ਸਬ-ਇੰਸਪੈਕਟਰ ਰਾਜਕੁਮਾਰ, ਪਿੰਡ ਕੁਤਾਨੀ, ਜ਼ਿਲ੍ਹਾ ਝੱਜਰ; ਸਬ-ਇੰਸਪੈਕਟਰ ਵਿਨੋਦ ਕੁਮਾਰ, ਪਿੰਡ ਭੂਸ਼ਣ ਕਲਾਂ, ਜ਼ਿਲ੍ਹਾ ਮਹਿੰਦਰਗੜ੍ਹ; ਸਬ-ਇੰਸਪੈਕਟਰ ਜਗਦੀਸ਼ ਚੰਦਰ, ਪਿੰਡ ਸੋਰਖੀ, ਜ਼ਿਲ੍ਹਾ ਹਾਂਸੀ; ਸਬ-ਇੰਸਪੈਕਟਰ ਵੇਦਪਾਲ, ਪਿੰਡ ਮੱਯੜ, ਜ਼ਿਲ੍ਹਾ ਹਿਸਾਰ; ਸਹਾਇਕ ਸਬ-ਇੰਸਪੈਕਟਰ ਕ੍ਰਿਸ਼ਨ ਕੁਮਾਰ, ਪਿੰਡ ਰਾਮਬਾਸ, ਜ਼ਿਲ੍ਹਾ ਮਹਿੰਦਰਗੜ੍ਹ; ਸਹਾਇਕ ਸਬ-ਇੰਸਪੈਕਟਰ ਸੁਰਿੰਦਰ ਸਿੰਘ, ਪਿੰਡ ਫਰਮਾਨਾ ਬਾਦਸ਼ਾਹਪੁਰ, ਜ਼ਿਲ੍ਹਾ ਰੋਹਤਕ; ਹੌਲਦਾਰ ਸੁਰੇਸ਼ ਕੁਮਾਰ, ਪਿੰਡ ਸੁੰਦਰਹ, ਜ਼ਿਲ੍ਹਾ ਮਹਿੰਦਰਗੜ੍ਹ; ਹੌਲਦਾਰ ਮਨਦੀਪ ਕੁਮਾਰ, ਪਿੰਡ ਗੁਮੜ, ਜ਼ਿਲ੍ਹਾ ਸੋਨੀਪਤ; ਹੌਲਦਾਰ ਸੰਦੀਪ ਕੁਮਾਰ, ਪਿੰਡ ਸ਼ੇਖਪੁਰਾ, ਜ਼ਿਲ੍ਹਾ ਸੋਨੀਪਤ; ਹੌਲਦਾਰ ਵਿਕਾਸ ਦੇਸ਼ਵਾਲ, ਪਿੰਡ ਮਤਲੌਡਾ, ਜ਼ਿਲ੍ਹਾ ਪਾਣੀਪਤ; ਹੌਲਦਾਰ ਰਣਦੀਪ ਸਿੰਘ, ਪਿੰਡ ਮਾਨਹੇਰੂ, ਜ਼ਿਲ੍ਹਾ ਭਿਵਾਨੀ; ਹੌਲਦਾਰ ਨਰੇਸ਼ ਕੁਮਾਰ, ਪਿੰਡ ਸ਼ਾਦੀਪੁਰ, ਜ਼ਿਲ੍ਹਾ ਜੀਂਦ; ਹੌਲਦਾਰ ਅਮਿਤ ਕੁਮਾਰ, ਪਿੰਡ ਸਿਹੋਰ, ਜ਼ਿਲ੍ਹਾ ਮਹਿੰਦਰਗੜ੍ਹ; ਹੌਲਦਾਰ ਵੇਦਪ੍ਰਕਾਸ਼, ਪਿੰਡ ਕੰਵਾਲੀ, ਜ਼ਿਲ੍ਹਾ ਰੇਵਾੜੀ; ਨਾਇਕ ਸ਼ੇਰ ਸਿੰਘ, ਪਿੰਡ ਬੁਢਨਪੁਰ ਬਾਂਗਰ, ਜ਼ਿਲ੍ਹਾ ਕਰਨਾਲ; ਨਾਇਕ ਬਲਜਿੰਦਰ ਸਿੰਘ, ਪਿੰਡ ਕਿਰਮਾਰਾ, ਜ਼ਿਲ੍ਹਾ ਹਿਸਾਰ; ਲਾਂਸ ਨਾਇਕ ਕ੍ਰਿਸ਼ਨ, ਪਿੰਡ ਨੰਦਗੜ੍ਹ, ਜ਼ਿਲ੍ਹਾ ਜੀਂਦ; ਲਾਂਸ ਨਾਇਕ ਸੁਖਚੈਨ ਸਿੰਘ, ਪਿੰਡ ਕੁੱਤਾਬਢ, ਜ਼ਿਲ੍ਹਾ ਸਿਰਸਾ; ਸਿਪਾਹੀ ਵਿਕਾਸ ਕੁਮਾਰ, ਪਿੰਡ ਢਾਣੀ ਕਿਰਾਵੜ, ਜ਼ਿਲ੍ਹਾ ਭਿਵਾਨੀ; ਸਿਪਾਹੀ ਪਰਵੀਨ ਕੁਮਾਰ, ਪਿੰਡ ਸੀਹਾ, ਜ਼ਿਲ੍ਹਾ ਪਲਵਲ; ਸਿਪਾਹੀ ਦਿਨੇਸ਼ ਵਸ਼ਿਸ਼ਠ, ਪਿੰਡ ਹੀਰਾਪੁਰ, ਜ਼ਿਲ੍ਹਾ ਫਰੀਦਾਬਾਦ ਅਤੇ ਸਿਪਾਹੀ ਸੋਮਬੀਰ ਸਿੰਘ, ਪਿੰਡ ਅਹਰੀ, ਜ਼ਿਲ੍ਹਾ ਝੱਜਰ ਸ਼ਾਮਲ ਹਨ।
ਸਦਨ ਨੇ ਦੇਸ਼ ਦੀ ਸੇਵਾ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਇਨ੍ਹਾਂ ਬਹਾਦਰ ਸੈਨਿਕਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ।
ਇਸ ਤੋਂ ਇਲਾਵਾ, ਸਦਨ ਨੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਭੁਪਿੰਦਰ ਸਿੰਘ ਹੁੱਡਾ ਦੀ ਮਾਸੀ ਸ੍ਰੀਮਤੀ ਸ਼ਾਂਤੀ ਦੇਵੀ ਅਤੇ ਵਿਧਾਇਕ ਸ੍ਰੀ ਰਣਧੀਰ ਪਨਿਹਾਰ ਦੀ ਭੂਆ ਸ੍ਰੀਮਤੀ ਮਰਮਣ ਦੇਵੀ ਦੇ ਦੁਖਦਾਈ ਦੇਹਾਂਤ ‘ਤੇ ਵੀ ਡੂੰਘਾ ਸ਼ੋਕ ਪ੍ਰਗਟ ਕੀਤਾ।
ਸਦਨ ਨੇ ਵਿਛੜੀਆਂ ਰੂਹਾਂ ਦੇ ਦੁਖੀ ਪਰਿਵਾਰਾਂ ਦੇ ਮੈਂਬਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਨੂੰ ਇਸ ਨਾ ਪੂਰੇ ਹੋਣ ਵਾਲੇ ਘਾਟੇ ਨੂੰ ਸਹਿਣ ਕਰਨ ਦਾ ਬਲ ਬਖ਼ਸ਼ਣ।
ਸਦਨ ਦੇ ਮੈਂਬਰਾਂ ਨੇ ਵਿਛੜੀਆਂ ਰੂਹਾਂ ਦੇ ਸਨਮਾਨ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ।



