ਸੰਵਿਧਾਨ ਨੂੰ ਅੰਗੀਕਾਰ ਕੀਤੇ ਜਾਣ ਦੀ 77ਵੀਂ ਵਰ੍ਹੇਗੰਢ ਮੌਕੇ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਨੇ ਕੀਤਾ ਸੰਬੋਧਿਤ
ਦੇਸ਼ ਦੇ ਕੁੱਲ ਖੇਤਰਫਲ ਦਾ ਸਿਰਫ਼ 1.34 ਫੀਸਦੀ ਹੋਣ ਦੇ ਬਾਵਜੂਦ ਦੇਸ਼ ਦੀ ਜੀਡੀਪੀ ਵਿੱਚ ਹਰਿਆਣਾ ਦਾ 3.7 ਫੀਸਦੀ ਯੋਗਦਾਨ, ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਵੱਡੇ ਸੂਬਿਆਂ ਵਿੱਚ ਹਰਿਆਣਾ ਪਹਿਲੇ ਸਥਾਨ ’ਤੇ
ਪਿਛਲੇ 12 ਸਾਲਾਂ ਵਿੱਚ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, 17,676 ਖਿਡਾਰੀਆਂ ਨੂੰ 931 ਕਰੋੜ ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਗਈ
ਲਾਡੋ ਲਕਸ਼ਮੀ ਯੋਜਨਾ ਤਹਿਤ ਸੂਬੇ ਦੀਆਂ ਭੈਣਾਂ-ਧੀਆਂ ਨੂੰ ਹਰ ਮਹੀਨੇ ਮਿਲ ਰਹੀ ਹੈ 2100 ਰੁਪਏ ਦੀ ਆਰਥਿਕ ਸਹਾਇਤਾ
ਚੰਡੀਗੜ੍ਹ, 26 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡਾ ਸੰਵਿਧਾਨ ਸਾਡੇ ਵਰਤਮਾਨ ਅਤੇ ਭਵਿੱਖ ਦਾ ਮਾਰਗਦਰਸ਼ਕ ਹੈ। ਬੀਤੇ 77 ਸਾਲਾਂ ਵਿੱਚ ਦੇਸ਼ ਦੇ ਸਾਹਮਣੇ ਜਿਹੜੀਆਂ ਵੀ ਚੁਣੌਤੀਆਂ ਆਈਆਂ ਹਨ, ਸਾਡੇ ਸੰਵਿਧਾਨ ਨੇ ਸਾਨੂੰ ਉਨ੍ਹਾਂ ਸਾਰੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਹੀ ਰਸਤਾ ਦਿਖਾਇਆ ਹੈ। ਸੰਵਿਧਾਨ ਦਾ ਸਨਮਾਨ ਕਿਸੇ ਇੱਕ ਦਲ ਜਾਂ ਸਰਕਾਰ ਦਾ ਵਿਸ਼ਾ ਨਹੀਂ ਹੈ। ਇਹ ਹਰ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਜਨਤਾ ਨੇ ਜਨਤਕ ਸੇਵਾ ਦਾ ਮੌਕਾ ਦਿੱਤਾ ਹੈ।
ਮੁੱਖ ਮੰਤਰੀ ਵੀਰਵਾਰ ਨੂੰ ਸੰਵਿਧਾਨ ਨੂੰ ਅੰਗੀਕਾਰ ਕੀਤੇ ਜਾਣ ਦੀ 77ਵੀਂ ਵਰ੍ਹੇਗੰਢ ਮੌਕੇ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਆਯੋਜਿਤ ਵਿਸ਼ੇਸ਼ ਚਰਚਾ ਦੌਰਾਨ ਸਦਨ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਵਿਸ਼ੇਸ਼ ਸੈਸ਼ਨ ਵਿੱਚ ਭਾਗ ਲੈਣ ਲਈ ਸਾਰੇ ਮਾਣਯੋਗ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਵਾਗਤ ਅਤੇ ਅਭਿਨੰਦਨ ਕੀਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਅਸੀਂ ਲੋਕਤੰਤਰ ਦੇ ਇਸ ਮਹੱਤਵਪੂਰਨ ਤਿਉਹਾਰ ਨੂੰ ਯਾਦ ਕਰ ਰਹੇ ਹਾਂ। ਪਰ, ਇਸ ਸਮੇਂ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਅੱਜ ਹੀ ਦੇ ਦਿਨ ਸਾਲ 2008 ਵਿੱਚ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਦੀ ਬਰਸੀ ਵੀ ਹੈ। ਉਨ੍ਹਾਂ ਨੇ ਇਸ ਅੱਤਵਾਦੀ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਉਸ ਜਜ਼ਬੇ ਨੂੰ ਵੀ ਯਾਦ ਕੀਤਾ, ਜਦੋਂ ਸਮੁੱਚੇ ਦੇਸ਼ ਨੇ ਇਕਜੁੱਟ ਹੋ ਕੇ ਉਸ ਹਮਲੇ ਦਾ ਸਾਹਮਣਾ ਕੀਤਾ ਸੀ। ਇਹ ਸਾਡੇ ਲੋਕਤੰਤਰ ਦੀ ਹੀ ਤਾਕਤ ਸੀ।
ਵਿਭਿੰਨਤਾਵਾਂ ਨਾਲ ਭਰਪੂਰ ਦੇਸ਼ ਲਈ ਸਹਿਮਤੀ, ਸੰਵਾਦ ਅਤੇ ਲੋਕਤੰਤਰੀ ਮਰਿਆਦਾ ਦਾ ਰਾਹ ਲੱਭਣ ਦਾ ਇੱਕ ਮਜ਼ਬੂਤ ਯਤਨ ਸੀ ਸੰਵਿਧਾਨ ਦੀ ਰਚਨਾ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ, 1946 ਨੂੰ ਹੋਈ ਸੀ। ਲਗਭਗ 3 ਸਾਲਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ 26 ਨਵੰਬਰ, 1949 ਨੂੰ ਸੰਵਿਧਾਨ ਅੰਗੀਕਾਰ ਕੀਤਾ ਗਿਆ। ਉਸ ਸਮੇਂ ਸੰਵਿਧਾਨ ਵਿੱਚ 395 ਧਾਰਾਵਾਂ, 22 ਭਾਗ ਅਤੇ 8 ਅਨੁਸੂਚੀਆਂ ਸਨ। ਸੰਵਿਧਾਨ ਸਭਾ ਨੇ 11 ਸੈਸ਼ਨਾਂ ਵਿੱਚ ਕਈ ਮਹੱਤਵਪੂਰਨ ਮੁੱਦਿਆਂ ’ਤੇ ਬਹਿਸ ਕੀਤੀ। ਸੰਵਿਧਾਨ ਦੇ ਖਰੜੇ ’ਤੇ ਹਜ਼ਾਰਾਂ ਸੋਧਾਂ ਦੇ ਪ੍ਰਸਤਾਵ ਰੱਖੇ ਗਏ ਅਤੇ ਉਨ੍ਹਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ।
ਇਸ ਵਿਸਥਾਰ ਪ੍ਰਕਿਰਿਆ ਵਿੱਚ ਭਾਰਤੀ ਸਮਾਜ ਦੇ ਹਰ ਵਰਗ ਅਤੇ ਦੇਸ਼ ਦੇ ਹਰ ਖੇਤਰ ਦੀ ਗੱਲ ਸੁਣੀ ਗਈ। ਸੰਵਿਧਾਨ ਦੀ ਰਚਨਾ ਸਿਰਫ਼ ਇੱਕ ਦਸਤਾਵੇਜ਼ ਤਿਆਰ ਕਰਨ ਦੀ ਪ੍ਰਕਿਰਿਆ ਨਹੀਂ ਸੀ। ਇਹ ਵਿਭਿੰਨਤਾਵਾਂ ਨਾਲ ਭਰਪੂਰ ਦੇਸ਼ ਲਈ ਸਹਿਮਤੀ, ਸੰਵਾਦ ਅਤੇ ਲੋਕਤੰਤਰੀ ਮਰਿਆਦਾ ਦਾ ਰਾਹ ਲੱਭਣ ਦਾ ਇੱਕ ਮਜ਼ਬੂਤ ਯਤਨ ਸੀ।
ਭਾਰਤ ਦੀਆਂ ਪ੍ਰਾਚੀਨ ਲੋਕਤੰਤਰੀ ਪਰੰਪਰਾਵਾਂ ਵਿਸ਼ਵ ਲਈ ਪ੍ਰੇਰਨਾਦਾਇਕ – ਮੁੱਖ ਮੰਤਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾ ਭਾਰਤਵਰਸ਼ ਦੀ ਮਹਾਨ ਪਰੰਪਰਾ, ਮਹਾਨ ਸੱਭਿਆਚਾਰ, ਮਹਾਨ ਵਿਰਾਸਤ ਅਤੇ ਹਜ਼ਾਰਾਂ ਸਾਲਾਂ ਦੀ ਇਸ ਦੀ ਯਾਤਰਾ ਪ੍ਰਤੀ ਸੁਚੇਤ ਸਨ। ਭਾਰਤਵਰਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਬਹੁਤ ਪ੍ਰਾਚੀਨ ਹਨ। ਚੌਥੀ ਸਦੀ ਤੋਂ ਪਹਿਲਾਂ, 1 ਹਜ਼ਾਰ ਸਾਲਾਂ ਤੱਕ ਇਸ ਵਿਸ਼ਾਲ ਰਾਸ਼ਟਰ ਵਿੱਚ ਕਈ ਸ਼ਕਤੀਸ਼ਾਲੀ ਗਣਰਾਜ ਸਨ। ਮਾਲਵ ਗਣਰਾਜ ਨੇ ਤਾਂ ਸਿਕੰਦਰ ਦੇ ਅਜਿੱਤ ਹੋਣ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਇਹ ਅਮੀਰ ਇਤਿਹਾਸ ਵਿਸ਼ਵ ਲਈ ਪ੍ਰੇਰਨਾਦਾਇਕ ਰਿਹਾ ਹੈ। ਇਸੇ ਲਈ ਤਾਂ ਭਾਰਤ ਅੱਜ ਦੁਨੀਆ ਭਰ ਵਿੱਚ ‘ਮਦਰ ਆਫ ਡੈਮੋਕਰੇਸੀ’ ਵਜੋਂ ਜਾਣਿਆ ਜਾਂਦਾ ਹੈ। ਅੱਜ ਸਾਡਾ ਲੋਕਤੰਤਰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਨਾਲ ਹੀ ਸਭ ਤੋਂ ਪ੍ਰਾਚੀਨ ਲੋਕਤੰਤਰੀ ਪਰੰਪਰਾ ਦੀਆਂ ਜੜ੍ਹਾਂ ਵੀ ਸਾਡੀ ਪਵਿੱਤਰ ਧਰਤੀ ਵਿੱਚ ਹੀ ਹਨ।
ਉਨ੍ਹਾਂ ਕਿਹਾ ਕਿ ਡਾ. ਰਾਧਾਕ੍ਰਿਸ਼ਨਨ ਜੀ, ਜੋ ਸੰਵਿਧਾਨ ਸਭਾ ਦੇ ਮੈਂਬਰ ਵੀ ਸਨ, ਨੇ ਲਿਖਿਆ ਹੈ ਕਿ ਇਸ ਮਹਾਨ ਰਾਸ਼ਟਰ ਲਈ ਗਣਤੰਤਰਿਕ ਵਿਵਸਥਾ ਨਵੀਂ ਨਹੀਂ ਹੈ। ਸਾਡੇ ਇੱਥੇ ਇਹ ਸਾਡੇ ਇਤਿਹਾਸ ਦੀ ਸ਼ੁਰੂਆਤ ਤੋਂ ਹੀ ਮੌਜੂਦ ਹੈ।
ਸੰਵਿਧਾਨ ਸਮੁੱਚੀ ਸੰਵਿਧਾਨ ਸਭਾ ਦੀ ਸਮੂਹਿਕ ਸੂਝ-ਬੂਝ ਅਤੇ ਰਾਸ਼ਟਰ ਦੀ ਸਮੂਹਿਕ ਇੱਛਾ ਦਾ ਨਤੀਜਾ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ, ਖਰੜਾ ਕਮੇਟੀ ਦੇ ਪ੍ਰਧਾਨ ਡਾ. ਭੀਮ ਰਾਓ ਅੰਬੇਡਕਰ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਕੇ.ਐਮ. ਮੁਨਸ਼ੀ, ਅੱਲਾਦੀ ਕ੍ਰਿਸ਼ਨਾਸਵਾਮੀ ਅਈਅਰ ਸਮੇਤ ਕਈ ਮੈਂਬਰਾਂ ਨੇ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਸਮੁੱਚੀ ਸੰਵਿਧਾਨ ਸਭਾ ਦੀ ਸਮੂਹਿਕ ਸੂਝ-ਬੂਝ ਅਤੇ ਰਾਸ਼ਟਰ ਦੀ ਸਮੂਹਿਕ ਇੱਛਾ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ 24 ਜਨਵਰੀ, 1950 ਨੂੰ 284 ਮੈਂਬਰਾਂ ਨੇ ਸੰਵਿਧਾਨ ’ਤੇ ਦਸਤਖ਼ਤ ਕੀਤੇ। ਉਹ ਦਸਤਖ਼ਤ ਭਾਰਤ ਦੀ ਲੋਕਤੰਤਰੀ ਵਚਨਬੱਧਤਾ ਦੇ ਗਵਾਹ ਬਣੇ।
ਸੰਵਿਧਾਨ ਨਿਰਮਾਣ ਵਿੱਚ ਦੇਸ਼ ਦੀ ਮਾਤਰ-ਸ਼ਕਤੀ ਨੇ ਨਿਭਾਈ ਬਹੁਤ ਵੱਡੀ ਭੂਮਿਕਾ – ਮੁੱਖ ਮੰਤਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਸੰਵਿਧਾਨ ਦੀ ਨਿਰਮਾਣ ਪ੍ਰਕਿਰਿਆ ਵਿੱਚ ਸਾਡੇ ਦੇਸ਼ ਦੀ ਮਾਤ-ਸ਼ਕਤੀ ਨੇ ਮਹਾਨ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵੀ ਸੰਵਿਧਾਨ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਸੰਵਿਧਾਨ ਸਭਾ ਵਿੱਚ 15 ਮਾਣਯੋਗ ਮਹਿਲਾ ਮੈਂਬਰ ਸਨ ਅਤੇ ਉਹ ਬਹੁਤ ਸਰਗਰਮ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮੌਲਿਕ ਵਿਚਾਰਧਾਰਾ ਦੇ ਆਧਾਰ ’ਤੇ ਉਨ੍ਹਾਂ ਨੇ ਸੰਵਿਧਾਨ ਸਭਾ ਦੀ ਬਹਿਸ ਨੂੰ ਅਮੀਰ ਬਣਾਇਆ। ਇਹ ਸਾਰੀਆਂ ਭੈਣਾਂ ਵੱਖ-ਵੱਖ ਪਿਛੋਕੜਾਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਨ। ਇੱਥੇ ਸ਼ੁਰੂ ਤੋਂ ਹੀ ਮਹਿਲਾਵਾਂ ਨੂੰ ਵੋਟ ਦੇ ਅਧਿਕਾਰ ਸਮੇਤ ਕਈ ਬਰਾਬਰ ਦੇ ਅਧਿਕਾਰ ਦਿੱਤੇ ਗਏ।
ਸੰਵਿਧਾਨ ਨਿਰਮਾਣ ਵਿੱਚ ਹਰਿਆਣਾ ਦੇ ਸੱਤ ਮਹਾਂਪੁਰਖਾਂ ਨੇ ਪਾਇਆ ਯੋਗਦਾਨ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਸੰਵਿਧਾਨ ਸਭਾ ਵਿੱਚ ਹਰਿਆਣਾ ਦੇ ਸੱਤ ਮਹਾਂਪੁਰਖਾਂ, ਜਿਨ੍ਹਾਂ ਦੇ ਨਾਮ ਕੈਪਟਨ ਰਣਜੀਤ ਸਿੰਘ, ਪੰਡਿਤ ਠਾਕੁਰ ਦਾਸ ਭਾਰਗਵ, ਰਾਓ ਬਹਾਦਰ ਚੌਧਰੀ ਸੂਰਜਮਲ, ਪੰਡਿਤ ਸ੍ਰੀਰਾਮ ਸ਼ਰਮਾ, ਮਾਸਟਰ ਨੰਦ ਲਾਲ, ਚੌਧਰੀ ਰਣਬੀਰ ਸਿੰਘ ਹੁੱਡਾ ਅਤੇ ਲਾਲਾ ਦੇਸ਼ਬੰਧੂ ਗੁਪਤਾ ਹਨ, ਨੇ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਦਿਖਾਏ ਗਏ ਰਸਤੇ ’ਤੇ ਚੱਲ ਕੇ ਹੀ ਅਸੀਂ ਪਵਿੱਤਰ ਸੰਵਿਧਾਨ ਦੇ ਅਨੁਸਾਰ ਅੱਗੇ ਵਧ ਰਹੇ ਹਾਂ।
‘ਅਸੀਂ, ਭਾਰਤ ਦੇ ਲੋਕ’ ਸੰਵਿਧਾਨ ਦੀ ਆਤਮਾ, ਸੱਤਾ ਦਾ ਆਖਰੀ ਸਰੋਤ ਜਨਤਾ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਜਨਤਾ ਦੀ ਸੇਵਾ ਲਈ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ‘ਅਸੀਂ, ਭਾਰਤ ਦੇ ਲੋਕ’ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ। ਇਹ ਇਸ ਦੀ ਆਤਮਾ ਹੈ। ਸੱਤਾ ਦਾ ਆਖਰੀ ਸਰੋਤ ਜਨਤਾ ਹੈ। ਸਰਕਾਰਾਂ ਜਨਤਾ ਦੀ ਸੇਵਾ ਲਈ ਬਣਦੀਆਂ ਹਨ ਅਤੇ ਸੰਵਿਧਾਨ ਪ੍ਰਤੀ ਜਵਾਬਦੇਹ ਰਹਿੰਦੀਆਂ ਹਨ। ਪ੍ਰਸਤਾਵਨਾ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ; ਵਿਚਾਰ, ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਆਜ਼ਾਦੀ; ਮੌਕਿਆਂ ਅਤੇ ਮਾਣ-ਮਰਿਆਦਾ ਦੀ ਸਮਾਨਤਾ ਅਤੇ ਵਿਅਕਤੀ ਦੀ ਗਰਿਮਾ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਵਾਲੀ ਭਾਈਚਾਰੇ ਦੀ ਭਾਵਨਾ ਦਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਇਹ ਸ਼ਬਦ ਸਮੁੱਚੇ ਭਾਰਤ ਰਾਸ਼ਟਰ ਦਾ ਉਹ ਵਚਨ ਹਨ, ਜਿਸ ਨੂੰ ਅਸੀਂ ਆਪਣੇ ਆਚਰਨ ਅਤੇ ਨੀਤੀਆਂ ਰਾਹੀਂ ਹਰ ਰੋਜ਼ ਸਾਕਾਰ ਕਰਦੇ ਹਾਂ।
ਅੱਜ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਕੁਸ਼ਲ ਅਗਵਾਈ ਹੇਠ ਹਰ ਦੇਸ਼ ਵਾਸੀ ਦਾ ਇੱਕੋ ਹੀ ਉਦੇਸ਼ ਹੈ, ਵਿਕਸਤ ਭਾਰਤ ਦਾ ਨਿਰਮਾਣ। ਵਿਕਸਤ ਭਾਰਤ ਦਾ ਮਤਲਬ ਹੈ ਅਜਿਹਾ ਦੇਸ਼, ਜਿੱਥੇ ਹਰੇਕ ਨਾਗਰਿਕ ਨੂੰ ਜੀਵਨ ਦੀ ਬਿਹਤਰ ਗੁਣਵੱਤਾ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਮੌਕਾ ਮਿਲੇ। ਇਹ ਸਮਾਜਿਕ ਨਿਆਂ ਦਾ ਵੀ ਇੱਕ ਵੱਡਾ ਮਾਧਿਅਮ ਹੈ ਅਤੇ ਇਹ ਸੰਵਿਧਾਨ ਦੀ ਵੀ ਮੂਲ ਭਾਵਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਸਾਲ 2015 ਤੋਂ ਇਸ ਦਿਨ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਣ ਲੱਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਸੰਵਿਧਾਨ ਹਰੇਕ ਨਾਗਰਿਕ ਦੇ ਜੀਵਨ ਅਤੇ ਹਰੇਕ ਜਨਤਕ ਸੰਸਥਾ ਦੇ ਕੰਮਕਾਜ ਵਿੱਚ ਵੀ ਦਿਖਾਈ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਸੇ ਤਰ੍ਹਾਂ ਦਾ ਸੰਕਲਪ ਇਸ ਮਹਾਨ ਸਦਨ ਵਿੱਚ ਲਿਆ ਹੈ।
ਨਾਗਰਿਕਾਂ ਦੀ ਮਾਣ-ਮਰਿਆਦਾ ਅਤੇ ਨਿਆਂ ਦੀ ਕਸੌਟੀ ‘ਤੇ ਰਾਜ ਦੀਆਂ ਸ਼ਕਤੀਆਂ ਨੂੰ ਰੱਖਣਾ ਵੀ ਸੰਵਿਧਾਨ ਦਾ ਉਦੇਸ਼ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਨੇ ਸਾਨੂੰ ਮੌਲਿਕ ਅਧਿਕਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰਾਂ ਦਾ ਅਰਥ ਉਦੋਂ ਹੀ ਪੂਰਾ ਹੁੰਦਾ ਹੈ, ਜਦੋਂ ਸਮਾਜ ਦਾ ਹਰੇਕ ਵਿਅਕਤੀ, ਖ਼ਾਸ ਕਰਕੇ ਗਰੀਬ, ਵਾਂਝੇ ਅਤੇ ਕਮਜ਼ੋਰ ਨਾਗਰਿਕ, ਸਨਮਾਨ ਅਤੇ ਮੌਕੇ ਦੇ ਨਾਲ ਅੱਗੇ ਵਧ ਸਕੇ। ਸੰਵਿਧਾਨ ਦਾ ਉਦੇਸ਼ ਕੇਵਲ ਰਾਜ ਦੀਆਂ ਸ਼ਕਤੀਆਂ ਨੂੰ ਤੈਅ ਕਰਨਾ ਨਹੀਂ, ਸਗੋਂ ਉਨ੍ਹਾਂ ਸ਼ਕਤੀਆਂ ਨੂੰ ਨਾਗਰਿਕਾਂ ਦੀ ਮਾਣ-ਮਰਿਆਦਾ ਅਤੇ ਨਿਆਂ ਦੀ ਕਸੌਟੀ ‘ਤੇ ਰੱਖਣਾ ਵੀ ਹੈ।



