Sunday, July 19, 2026
Home Blog ਗਣਤੰਤਰ ਦਿਵਸ 2026: ਵਿਜੈ ਚੌਕ ’ਤੇ ਬੀਟਿੰਗ ਦ ਰਿਟਰੀਟ ਸਮਾਰੋਹ ਵਿੱਚ ਗੂੰਜਣਗੀਆਂ...

ਗਣਤੰਤਰ ਦਿਵਸ 2026: ਵਿਜੈ ਚੌਕ ’ਤੇ ਬੀਟਿੰਗ ਦ ਰਿਟਰੀਟ ਸਮਾਰੋਹ ਵਿੱਚ ਗੂੰਜਣਗੀਆਂ ਭਾਰਤੀ ਧੁਨੀਆਂ

0
209

ਨਵੀਂ ਦਿੱਲੀ ਦੇ ਪ੍ਰਸਿੱਧ ਵਿਜੈ ਚੌਕ ’ਤੇ 29 ਜਨਵਰੀ ਨੂੰ ਮਨਮੋਹਕ ਭਾਰਤੀ ਧੁਨੀਆਂ ਗੂੰਜਣਗੀਆਂ, ਜਦੋਂ ਬੀਟਿੰਗ ਦ ਰਿਟਰੀਟ ਸਮਾਰੋਹ ਨਾਲ 77ਵੇਂ ਗਣਤੰਤਰ ਦਿਵਸ ਸਮਾਰੋਹਾਂ ਦਾ ਰਸਮੀ ਸਮਾਪਨ ਕੀਤਾ ਜਾਵੇਗਾ। ਭਾਰਤੀ ਸੈਨਾ, ਭਾਰਤੀ ਨੇਵੀ, ਭਾਰਤੀ ਹਵਾਈ ਸੈਨਾ ਅਤੇ ਕੇਂਦਰੀ ਸਸੱਤਰ ਬਲਾਂ (CAPFs) ਦੇ ਬੈਂਡ ਦੇਸ਼ ਦੇ ਉੱਚ ਨੇਤ੍ਰਿਤਵ ਅਤੇ ਜਨਤਾ ਦੀ ਮੌਜੂਦਗੀ ਵਿੱਚ ਜੋਸ਼ ਭਰਪੂਰ ਅਤੇ ਮਨੋਰੰਜਕ ਰਚਨਾਵਾਂ ਪੇਸ਼ ਕਰਨਗੇ।

ਇਸ ਸਮਾਰੋਹ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ, ਉੱਚ ਅਧਿਕਾਰੀ ਅਤੇ ਸੱਦੇ ਗਏ ਮਹਿਮਾਨ ਸ਼ਾਮਲ ਹੋਣਗੇ।

ਸੰਗੀਤਮਈ ਸ਼ਾਮ ਦੀ ਸ਼ੁਰੂਆਤ ਮੈੱਸਡ ਬੈਂਡਜ਼ ਵੱਲੋਂ ਪ੍ਰਸਿੱਧ ਮਾਰਚ ‘ਕਦਮ ਕਦਮ ਬਢਾਏ ਜਾ’ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਪਾਈਪਸ ਐਂਡ ਡਰਮਜ਼ ਬੈਂਡ ਵੱਲੋਂ ‘ਅਤੁਲਯ ਭਾਰਤ’, ‘ਵੀਰ ਸੈਨਿਕ’, ‘ਮਿਲੀ-ਝੁਲੀ’, ‘ਨ੍ਰਿਤ੍ਯ ਸਰਿਤਾ’, ‘ਮਰੂਨੀ’ ਅਤੇ ‘ਝੇਲਮ’ ਵਰਗੀਆਂ ਸੁਰੀਲੀਆਂ ਧੁਨੀਆਂ ਪੇਸ਼ ਕੀਤੀਆਂ ਜਾਣਗੀਆਂ। ਕੇਂਦਰੀ ਸਸੱਤਰ ਬਲਾਂ ਦੇ ਬੈਂਡ ‘ਵਿਜਯ ਭਾਰਤ’, ‘ਹਥਰੋਹੀ’, ‘ਜੈ ਹੋ’ ਅਤੇ ‘ਵੀਰ ਸੀਪਾਹੀ’ ਵਰਗੀਆਂ ਰਚਨਾਵਾਂ ਪੇਸ਼ ਕਰਨਗੇ।

ਭਾਰਤੀ ਹਵਾਈ ਸੈਨਾ ਦਾ ਬੈਂਡ ‘ਬ੍ਰੇਵ ਵਾਰਿਅਰ’, ‘ਟਵਾਈਲਾਈਟ’, ‘ਅਲਰਟ’ ਅਤੇ ‘ਫਲਾਇੰਗ ਸਟਾਰ’ ਨਾਲ ਦਰਸ਼ਕਾਂ ਨੂੰ ਮੋਹ ਲਏਗਾ, ਜਦਕਿ ਭਾਰਤੀ ਨੇਵੀ ਦਾ ਬੈਂਡ ‘ਨਮਸਤੇ’, ‘ਸਾਗਰ ਪਵਨ’, ‘ਮਾਤ੍ਰਭੂਮੀ’, ‘ਤੇਜਸਵੀ’ ਅਤੇ ‘ਜੈ ਭਾਰਤੀ’ ਪੇਸ਼ ਕਰੇਗਾ। ਇਸ ਤੋਂ ਬਾਅਦ ਭਾਰਤੀ ਸੈਨਾ ਦਾ ਬੈਂਡ ‘ਵਿਜਯੀ ਭਾਰਤ’, ‘ਆਰੰਭ ਹੈ, ਪ੍ਰਚੰਡ ਹੈ’, ‘ਏ ਵਤਨ, ਏ ਵਤਨ’, ‘ਆਨੰਦ ਮਠ’, ‘ਸੁਗਮਯ ਭਾਰਤ’ ਅਤੇ ‘ਸਿਤਾਰੇ ਹਿੰਦ’ ਵਰਗੀਆਂ ਸ਼ਕਤੀਸ਼ਾਲੀ ਧੁਨੀਆਂ ਨਾਲ ਮੰਚ ਸੰਭਾਲੇਗਾ।

ਅੰਤਿਮ ਭਾਗ ਵਿੱਚ ਮੈੱਸਡ ਬੈਂਡਜ਼ ਵੱਲੋਂ ‘ਭਾਰਤ ਕੇ ਸ਼ਾਨ’, ‘ਵੰਦੇ ਮਾਤਰਮ’ ਅਤੇ ‘ਡਰਮਰਜ਼ ਕਾਲ’ ਵਜਾਏ ਜਾਣਗੇ, ਜਿਸ ਤੋਂ ਬਾਅਦ ਬਿਊਗਲਰਜ਼ ਵੱਲੋਂ ਸਦੀਵੀ ਦੇਸ਼ਭਗਤੀ ਗੀਤ ‘ਸਾਰੇ ਜਹਾਂ ਸੇ ਅੱਛਾ’ ਨਾਲ ਸਮਾਰੋਹ ਦਾ ਸਮਾਪਨ ਹੋਵੇਗਾ।

ਸਕਵਾਡਰਨ ਲੀਡਰ ਲੇਇਮਾਪੋਕਪਾਮ ਰੂਪਚੰਦਰ ਸਿੰਘ ਸਮਾਰੋਹ ਦੇ ਮੁੱਖ ਕੰਡਕਟਰ ਹੋਣਗੇ। ਭਾਰਤੀ ਸੈਨਾ ਬੈਂਡ ਦੇ ਕੰਡਕਟਰ ਸੁਬੇਦਾਰ ਮੈਜਰ ਪ੍ਰਕਾਸ਼ ਜੋਸ਼ੀ, ਭਾਰਤੀ ਨੇਵੀ ਬੈਂਡ ਲਈ ਐਮ ਐਂਟਨੀ (MCPO MUS II) ਅਤੇ ਭਾਰਤੀ ਹਵਾਈ ਸੈਨਾ ਬੈਂਡ ਲਈ ਵਾਰੰਟ ਅਫ਼ਸਰ ਅਸ਼ੋਕ ਕੁਮਾਰ ਕੰਡਕਟਰ ਹੋਣਗੇ। CAPFs ਬੈਂਡ ਦੀ ਅਗਵਾਈ ਇੰਸਪੈਕਟਰ ਚੇਤਰਾਮ ਕਰਨਗੇ। ਪਾਈਪਸ ਐਂਡ ਡਰਮਜ਼ ਬੈਂਡ ਸੁਬੇਦਾਰ ਐਸ. ਪੀ. ਚੌਰਾਸੀਆ ਦੀ ਅਗਵਾਈ ਹੇਠ ਪ੍ਰਸਤੁਤੀ ਦੇਵੇਗਾ, ਜਦਕਿ ਬਿਊਗਲਰਜ਼ ਦੀ ਅਗਵਾਈ ਸੁਬੇਦਾਰ ਮਨੋਜ ਕੁਮਾਰ ਕਰਨਗੇ।

ਇਸ ਸਾਲ ਸਮਾਰੋਹ ਵਿੱਚ ਇੱਕ ਵਿਲੱਖਣ ਸੱਭਿਆਚਾਰਕ ਰੰਗ ਵੀ ਸ਼ਾਮਲ ਕੀਤਾ ਗਿਆ ਹੈ। ਵਿਜੈ ਚੌਕ ਦੇ ਬੈਠਕ ਇਲਾਕਿਆਂ ਦੇ ਨਾਮ ਭਾਰਤੀ ਸੰਗੀਤਕ ਸਾਜ਼ਾਂ—ਬਾਂਸੁਰੀ, ਡਮਰੂ, ਇਕਤਾਰਾ, ਏਸਰਾਜ, ਮ੍ਰਿਦੰਗਮ, ਨਗਾੜਾ, ਪਖਾਵਜ, ਸੰਤੂਰ, ਸਾਰੰਗੀ, ਸਾਰਿੰਦਾ, ਸਾਰੋਦ, ਸ਼ਹਿਨਾਈ, ਸਿਤਾਰ, ਸੁਰਬਹਾਰ, ਤਬਲਾ ਅਤੇ ਵੀਣਾ—ਦੇ ਨਾਮ ’ਤੇ ਰੱਖੇ ਗਏ ਹਨ, ਜੋ ਭਾਰਤ ਦੀ ਧਨਾਢ ਸੰਗੀਤਕ ਵਿਰਾਸਤ ਨੂੰ ਫੌਜੀ ਪਰੰਪਰਾਵਾਂ ਨਾਲ ਜੋੜਦੇ ਹਨ।

LEAVE A REPLY

Please enter your comment!
Please enter your name here