ਲੁਧਿਆਣਾ, 20 ਅਕਤੂਬਰ (000) –
ਮਾਂ ਬੋਲੀ ਪੰਜਾਬੀ ਕਰਕੇ ਮਿਲ਼ਿਆ ਮਾਣ ਤੇ ਵਰਦਾਨ – ਨੈਸ਼ਨਲ ਅਵਾਰਡੀ ਕਰਮਜੀਤ ਸਿੰਘ ਗਰੇਵਾਲ
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਖ਼ਸ਼ੀਅਤ ਕੌਮੀ ਅਵਾਰਡ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਵੱਲੋਂ ਬਣਾਈ ਪੰਜਾਬੀ ਵਰਨਮਾਲ਼ਾ ਵੀਡੀਓ ਨੂੰ ਯੂਟਿਊਬ ’ਤੇ ਦੋ ਕਰੋੜ ਤੋਂ ਵੱਧ ਲੋਕਾਂ ਨੇ ਸੁਣਿਆ ਹੈ। ਇਸ ਇਤਿਹਾਸਕ ਪ੍ਰਾਪਤੀ ਲਈ ਬਣੀ ਵੀਡੀਓ ਨੂੰ ਉਹਨਾਂ ਨੇ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਦੇ ਵਿਦਿਆਰਥੀਆਂ ਨਾਲ਼ ਗਾ ਕੇ ਤਿਆਰ ਕੀਤਾ ਹੈ। ਸਰਲ ਢੰਗ ਨਾਲ਼ ਬਣਾਈ ਇਸ ਵੀਡੀਓ ਨੂੰ ਪੰਜਾਬ ਅਤੇ ਪੂਰੇ ਭਾਰਤ ਦੇ ਹੋਰ ਰਾਜਾਂ ਤੋਂ ਇਲਾਵਾ ਵਿਦੇਸ਼ਾਂ ਵਿੱਚੋਂ ਵੀ ਭਰਪੂਰ ਪਿਆਰ ਮਿਲਿਆ ਹੈ।
ਇਸ ਪ੍ਰਾਪਤੀ ਬਾਰੇ ਗਰੇਵਾਲ ਨੇ ਕਿਹਾ ਕਿ ਇਹ ਮਾਂ ਬੋਲੀ ਪੰਜਾਬੀ ਕਰਕੇ ਮਿਲਿਆ ਮਾਣ ਅਤੇ ਵਰਦਾਨ ਹੈ। ਜਿਨ੍ਹਾਂ ਬੱਚਿਆਂ ਦੀ ਮਾਤ ਭਾਸ਼ਾ ਪੰਜਾਬੀ ਨਹੀਂ ਉਹ ਵੀ ਫੋਨ ਕਰਕੇ ਦੱਸਦੇ ਹਨ ਕਿ ਉਹ ਇਨ੍ਹਾਂ ਗੀਤਾਂ ਕਰਕੇ ਪੰਜਾਬੀ ਭਾਸ਼ਾ ਨੂੰ ਸਿੱਖ ਰਹੇ ਹਨ।ਸਾਡੇ ਗੀਤਾਂ ਨੂੰ ਏਨਾ ਪਿਆਰ ਦੇਣ ਵਾਲ਼ਿਆਂ ਦੇ ਉਹ ਰਿਣੀ ਹਨ। ਮਾਂ ਬੋਲੀ ਪੰਜਾਬੀ ਅੱਜ ਪੂਰੇ ਵਿਸ਼ਵ ਦੀ ਵਡੇਰੀ ਭਾਸ਼ਾ ਹੈ ਜਿਸ ਵਿੱਚ ਮਹਾਨ ਗ੍ਰੰਥ ਰਚੇ ਗਏ। ਅਨੇਕਾਂ ਵਿਦਵਾਨਾਂ, ਸ਼ਾਇਰਾਂ, ਗਾਇਕਾਂ, ਲੇਖਕਾਂ ਤੇ ਪੰਜਾਬੀ ਬੋਲਣ ਵਾਲ਼ਿਆਂ ਨੇ ਇਸ ਨੂੰ ਹੋਰ ਅਮੀਰੀ ਬਖ਼ਸ਼ੀ। ਭਵਿੱਖ ਵਿੱਚ ਵੀ ਉਹ ਬੱਚਿਆਂ ਦੇ ਨਾਲ਼ ਮਿਲ ਕੇ ਅਜਿਹੇ ਕਾਰਜ ਮਾਂ ਬੋਲੀ ਨੂੰ ਸਮਰਪਿਤ ਕਰਦੇ ਰਹਿਣਗੇ।
ਵਰਨਣਯੋਗ ਹੈ ਕਿ ਬਾਲ ਮਨਾਂ ਨੂੰ ਸਮਰਪਿਤ ਮਾਸਟਰ ਕਰਮਜੀਤ ਸਿੰਘ ਗਰੇਵਾਲ ਦੀਆਂ ਲਿਖੀਆਂ 13 ਬਾਲ ਨਾਟਕ, ਗੀਤ ਅਤੇ ਬਾਲ ਕਹਾਣੀਆਂ ਦੀਆਂ ਪੁਸਤਕਾਂ ਸਕੂਲਾਂ ਲਈ ਪ੍ਰਵਾਨਿਤ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ.ਬੀ.ਐੱਸ.ਈ. ਦੇ ਸਲੇਬਸ ਵਿੱਚ ਇਨ੍ਹਾਂ ਦੀਆਂ ਰਚਨਾਵਾਂ ਸ਼ਾਮਲ ਹਨ।
ਉਹਨਾਂ ਦੇ ਲਿਖੇ ਇੱਕ ਗੀਤ ਲੋਰੀ ਨੂੰ ਭਾਰਤ ਸਰਕਾਰ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਵੀ ਮਿਲ਼ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ, ਭਾਰਤ ਸਰਕਾਰ ਵੱਲੋਂ ਕੌਮੀ ਅਧਿਆਪਕ ਪੁਰਸਕਾਰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਪ੍ਰਾਪਤ ਹੋ ਚੁੱਕੇ ਹਨ।
ਇਸ ਪ੍ਰਾਪਤੀ ਲਈ ਉਹਨਾਂ ਨੂੰ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਦੇ ਮੁੱਖ ਅਧਿਆਪਕ ਸ.ਗੁਰਦਰਸ਼ਨ ਸਿੰਘ, ਸਕੂਲ ਸਟਾਫ, ਐੱਸ ਐੱਮ ਸੀ ਮੈਂਬਰ ਗਰਾਮ ਪੰਚਾਇਤ ਖੇੜੀ, ਸਕੂਲ ਦੇ ਮਾਪਿਆਂ ਅਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲ਼ਿਆਂ ਨੇ ਮੁਬਾਰਕਾਂ ਦਿੱਤੀਆਂ ਹਨ।



