11.04.2026
ਅਮਰੀਕੀ ਸਰਕਾਰ ਦਾ ਇੱਕ ਵਿਸ਼ੇਸ਼ ਜਹਾਜ਼ ਅੱਜ ਉੱਚ ਪੱਧਰੀ ਅਧਿਕਾਰੀਆਂ ਨੂੰ ਲੈ ਕੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚ ਗਿਆ ਹੈ। ਪਾਕਿਸਤਾਨੀ ਸੂਤਰਾਂ ਮੁਤਾਬਕ, ਇਹ ਵਫ਼ਦ ਇਰਾਨ ਨਾਲ ਹੋਣ ਵਾਲੀਆਂ ਅਹਿਮ ਸ਼ਾਂਤੀ ਵਾਰਤਾਂ ਵਿੱਚ ਹਿੱਸਾ ਲਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਛੇ ਹਫ਼ਤਿਆਂ ਤੋਂ ਜਾਰੀ ਇਰਾਨ ਸੰਬੰਧੀ ਤਣਾਅ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਇਹ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ। ਇਸ ਭਿਆਨਕ ਜੰਗ ਕਾਰਨ ਮੱਧ ਪੂਰਬ ਵਿੱਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜੰਗ ਦੇ ਪ੍ਰਭਾਵਾਂ ਕਾਰਨ ਵਿਸ਼ਵ ਪੱਧਰ ’ਤੇ ਊਰਜਾ ਸਪਲਾਈ ਵਿੱਚ ਰੁਕਾਵਟ ਆਈ ਹੈ ਅਤੇ ਮਹਿੰਗਾਈ ਵਧਣ ਨਾਲ ਦੁਨੀਆ ਦੀ ਅਰਥਵਿਵਸਥਾ ਦੀ ਰਫ਼ਤਾਰ ਵੀ ਮੱਠੀ ਪਈ ਹੈ। ਇਸ ਵਾਰਤਾ ਨੂੰ ਵਿਸ਼ਵ ਭਰ ਵਿੱਚ ਸ਼ਾਂਤੀ ਦੀ ਬਹਾਲੀ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਉਪ ਰਾਸ਼ਟਰਪਤੀ ਜੇਡੀ ਵਾਂਸ ਦੀ ਅਗਵਾਈ ਵਿੱਚ ਅਮਰੀਕੀ ਵਫ਼ਦ, ਜਿਸ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਜਵਾਈ ਜੇਰੇਡ ਕੁਸ਼ਨਰ ਵੀ ਸ਼ਾਮਲ ਹਨ, ਇਸ ਵਾਰਤਾ ਵਿੱਚ ਹਿੱਸਾ ਲੈ ਰਿਹਾ ਹੈ। ਇਸ ਦੌਰਾਨ ਕਾਲੀਬਾਫ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਵਾਸ਼ਿੰਗਟਨ ਪਹਿਲਾਂ ਇਰਾਨੀ ਸੰਪਤੀਆਂ ਨੂੰ ਬਹਾਲ ਕਰਨ ਅਤੇ ਲੈਬਨਾਨ ਵਿੱਚ ਜੰਗਬੰਦੀ ਲਈ ਸਹਿਮਤ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਾਰਚ ਤੋਂ ਜਾਰੀ ਲੜਾਈ ਵਿੱਚ ਲਗਭਗ 2,000 ਲੋਕ ਮਾਰੇ ਜਾ ਚੁੱਕੇ ਹਨ ਅਤੇ ਜਦੋਂ ਤੱਕ ਇਹ ਵਾਅਦੇ ਪੂਰੇ ਨਹੀਂ ਹੁੰਦੇ, ਗੱਲਬਾਤ ਸ਼ੁਰੂ ਨਹੀਂ ਹੋਵੇਗੀ।
ਦੂਜੇ ਪਾਸੇ, ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਹੈ ਕਿ ਇਰਾਨੀਆਂ ਕੋਲ ਕੋਈ ਮਜ਼ਬੂਤ ਪੱਖ ਨਹੀਂ ਹੈ ਅਤੇ ਉਹ ਸਿਰਫ਼ ਅੰਤਰਰਾਸ਼ਟਰੀ ਜਲ ਮਾਰਗਾਂ ਦੀ ਵਰਤੋਂ ਕਰਕੇ ਦੁਨੀਆ ਨੂੰ ਪਰੇਸ਼ਾਨ ਕਰ ਰਹੇ ਹਨ। ਇਸਲਾਮਾਬਾਦ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਦਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਸਥਿਤੀ ਨੂੰ “ਕਰੋ ਜਾਂ ਮਰੋ” ਵਾਲੀ ਸਥਿਤੀ ਕਰਾਰ ਦਿੱਤਾ ਹੈ।
ਹਾਲਾਂਕਿ ਡੋਨਲਡ ਟਰੰਪ ਵੱਲੋਂ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ, ਪਰ ਹੋਰਮੁਜ਼ ਜਲਮਾਰਗ (Strait of Hormuz) ਦੀ ਨਾਕਾਬੰਦੀ ਅਤੇ ਲੈਬਨਾਨ ਵਿੱਚ ਇਜ਼ਰਾਈਲ-ਹਿਜ਼ਬੁੱਲਾ ਦੀ ਲੜਾਈ ਅਜੇ ਵੀ ਜਾਰੀ ਹੈ, ਜਿਸ ਕਾਰਨ ਵਿਸ਼ਵ ਊਰਜਾ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਰਾਨ ਦੇ ਨਵੇਂ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖਮੇਨੇਈ ਨੇ ਵੀ ਜੰਗ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ, ਜਦਕਿ ਟਰੰਪ ਦੇ ਕਈ ਮੁੱਖ ਉਦੇਸ਼, ਜਿਵੇਂ ਕਿ ਇਰਾਨ ਦੀ ਪਰਮਾਣੂ ਸਮਰੱਥਾ ਨੂੰ ਖ਼ਤਮ ਕਰਨਾ, ਅਜੇ ਵੀ ਪੂਰੇ ਨਹੀਂ ਹੋ ਸਕੇ ਹਨ।



