ਪਟਿਆਲਾ, 11 ਅਪ੍ਰੈਲ:
40 ਲੱਖ ਲੋਕਾਂ ਨੇ ਹੁਣ ਤੱਕ ਸਿਹਤ ਕਾਰਡ ਬਣਵਾਏ, ਬਾਕੀ ਲੋਕ ਵੀ ਵੱਧ ਤੋਂ ਵੱਧ ਆਪਣੇ ਕਾਰਡ ਬਣਵਾਉਣ-ਸਿਹਤ ਮੰਤਰੀ
ਰਜਿੰਦਰਾ ਜਿੰਮਖਾਨਾ ਤੇ ਮਹਾਰਾਣੀ ਕਲੱਬ ਵਿੱਚ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਲਗਾਏ ਕੈਂਪ ਨੂੰ ਮਿਲਿਆ ਭਰਵਾਂ ਹੁੰਗਾਰਾ
ਪੰਜਾਬ ਸਰਕਾਰ ਵੱਲੋਂ ਬਿੱਲ ਪਾਸ ਕਰਨ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਈ ਸੋਚੇਗਾ ਵੀ ਨਹੀਂ-ਬਲਤੇਜ ਪੰਨੂੰ
ਭਗਵੰਤ ਮਾਨ ਸਰਕਾਰ ਨੇ ਸੂਬੇ ਵਿੱਚ ਕਾਨੂੰਨ ਦਾ ਰਾਜ ਸਥਾਪਤ ਕੀਤਾ-ਪੰਨੂ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂੰ ਨੇ ਅੱਜ ਇੱਥੇ ਰਜਿੰਦਰਾ ਜਿੰਮਖਾਨਾ ਤੇ ਮਹਾਰਾਣੀ ਕਲੱਬ ਵਿਖੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਲਗਵਾਏ ਗਏ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਵਾਉਣ ਕੇ ਕੈਂਪ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਦੌਰਾਨ ਸੂਬੇ ਦੇ ਲਾਭਪਾਤਰੀਆਂ ਨੇ 3 ਕਰੋੜ ਰੁਪਏ ਦਾ ਇਲਾਜ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰਵਾ ਕੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਲਾਭ ਉਠਾਇਆ ਹੈ।ਉਨ੍ਹਾਂ ਕਿਹਾ ਕਿ ਇਹ ਯੋਜਨਾ ਆਪਣੀ ਕਿਸਮ ਦੀ ਪਹਿਲੀ ਸਕੀਮ ਹੈ, ਜਿਸ ਵਰਗੀ ਸਕੀਮ ਦੇਸ਼ ਦੇ ਕਿਸੇ ਹੋਰ ਸੂਬੇ ਤੇ ਦੁਨੀਆਂ ਵਿੱਚ ਕਿਤੇ ਨਹੀਂ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਤੇ ਬਲਤੇਜ ਪੰਨੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿਹਤ ਕਾਰਡ ਬਣਵਾ ਕੇ ਰਾਜ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਲਗਵਾਏ ਗਏ ਇਸ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਨੇ ਪਹਿਲਾਂ ਆਪਣੇ ਕਾਮਿਆਂ ਦੇ ਕਾਰਡ ਬਣਵਾਏ ਤੇ ਹੁਣ ਮੈਂਬਰ ਆਪਣੇ ਕਾਰਡ ਹੁੰਮ-ਹੁੰਮਾ ਕੇ ਬਣਵਾ ਰਹੇ ਹਨ ਤੇ ਖੁਸ਼ੀ ਦੀ ਗੱਲ ਹੈ ਕਿ ਇੱਥੇ 300 ਤੋਂ ਜਿਆਦਾ ਕਾਰਡ ਬਣ ਚੁੱਕੇ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਯੋਜਨਾ ਤਹਿਤ 3 ਕਰੋੜ ਲੋਕਾਂ ਦੇ ਕਾਰਡ ਬਣਵਾਉਣੇ ਹਨ ਅਤੇ ਹੁਣ ਤੱਕ 40 ਲੱਖ ਸਿਹਤ ਬਣ ਚੁੱਕੇ ਹਨ ਅਤੇ ਉਹ ਸਭ ਨੂੰ ਅਪੀਲ ਕਰਦੇ ਹਨ ਤਾਂ ਕਿ ਸਾਰੇ ਪੰਜਾਬੀ ਇਸ ਸਕੀਮ ਦਾ ਵੱਧ ਤੋੱ ਵੱਧ ਲਾਭ ਲੈਣ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ, ਸਿੱਖਿਆ ਤੇ ਰੋਜ਼ਗਾਰ ਨੂੰ ਲੈਕੇ ਅੱਗੇ ਵੱਧ ਰਹੀ ਹੈ ਤਾਂ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਆਪ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ, ਵਿਸਾਖੀ ਦੇ ਦਿਹਾੜੇ ਮੌਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੇਟ ਦਾ ਬਿੱਲ ਹੈ, ਇਸ ਵਿੱਚ ਸੋਧ ਕਰਕੇ ਸਖ਼ਤ ਧਾਰਾਵਾਂ ਤੇ ਤਜਵੀਜਾਂ ਲਿਆ ਰਹੀ ਹੈ ਤਾਂ ਕਿ ਕੋਈ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ ਸੋਚੇ ਵੀ ਨਾਹ।ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਖਰੜਾ ਕਾਨੂੰਨੀ ਮਾਹਰਾਂ ਤੇ ਸਿੱਖ ਵਿਦਵਾਨਾਂ ਸਮੇਤ ਬੁੱਧੀਜੀਵੀਆਂ ਤੇ ਧਾਰਮਿਕ ਸੰਤਾਂ, ਮਹਾਂਪੁਰਸ਼ਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ 13 ਅਪ੍ਰੈਲ ਨੂੰ ਸਭ ਦੇ ਸਾਹਮਣੇ ਆ ਜਾਵੇਗਾ।
ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਾਨੂੰਨ ਦਾ ਰਾਜ ਸਥਾਪਤ ਕੀਤਾ ਹੈ ਅਤੇ ਲੋਕਾਂ ਤੋਂ ਜਾਣਕਾਰੀ ਤੇ ਸਹਿਯੋਗ ਲੈਣ ਲਈ ਗੈਂਗਸਟਰਾਂ ਦੀਆਂ ਸੂਚੀਆਂ ਜਾਰੀ ਕਰਕੇ ਇਨ੍ਹਾਂ ਨੂੰ ਫੜਕੇ ਕਾਨੂੰਨ ਮੁਤਾਬਕ ਸਜਾਵਾਂ ਦੇਣ ਦਾ ਤਹੱਈਆ ਕੀਤਾ ਹੈ। ਪੰਨੂ ਨੇ ਕਿਹਾ ਕਿ ਵਿਰੋਧੀਆਂ ਨੂੰ ਸੁਪਨੇ ਵੀ ਹੁਣ ਆਮ ਘਰਾਂ ਦੇ ਪੰਜਾਬ ਵਿੱਚ ਮੌਜੂਦਾ ਸਰਕਾਰ ਚਲਾ ਰਹੇ ਆਗੂਆਂ ਤੇ ਭਗਵੰਤ ਮਾਨ ਦੇ ਆ ਰਹੇ ਹਨ, ਪਰੰਤੂ ਮਾਨ ਸਰਕਾਰ ਦੀ ਵਿਰੋਧਤਾ ਕਰ ਰਹੇ ਇਨ੍ਹਾਂ ਲੋਕਾਂ ਨੇ ਹੀ ਪੰਜਾਬ ਨੂੰ ਬਲਦੀ ਦੇ ਬੂਥੇ ਪਾਇਆ ਸੀ।
ਇਸ ਮੌਕੇ ਐਡਵੋਕੇਟ ਹਰਪਾਲ ਜੁਨੇਜਾ ਨੇ ਰਜਿੰਦਰਾ ਜਿੰਮਖਾਨਾ ਕਲੱਬ ਦੇ ਪ੍ਰਧਾਨ ਸ਼ੇਰਬੀਰ ਸਿੰਘ ਤੇ ਸਕੱਤਰ ਹਰਪ੍ਰੀਤ ਸੰਧੂ, ਖ਼ਜ਼ਾਨਚੀ ਮੋਹਿਤ ਡੋਡੀ ਤੇ ਕਾਰਜਕਾਰੀ ਮੈਂਬਰਾਂ ਰਾਹੁਲ ਮਹਿਤ, ਸਾਹਿਲ ਖੰਨਾ ਸਮੇਤ ਡਾ. ਮਨਮੋਹਨ ਸਿੰਘ ਤੇ ਦੀਪਕ ਕੰਪਾਨੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਸਾਰੇ ਡਿਪੂਆਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੈਂਪ ਲਗਾਏ ਜਾਣਗੇ।
ਇਸ ਦੌਰਾਨ ਓਐਸਡੀ ਗੁਰਵਿੰਦਰ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ,ਯੁਵਰਾਜ ਜੁਨੇਜਾ, ਸਿਮਰਨ ਗਰੇਵਾਲ, ਮਨਦੀਪ ਸਿੰਘ ਰਾਜਾ, ਮੌਂਟੀ ਗਰੋਵਰ, ਨਵਨੀਤ ਵਾਲੀਆ, ਹਰਸ਼ ਮਦਾਨ ਸਮੇਤ ਹੋਰ ਪਤਵੰਤੇ ਤੇ ਕਲੱਬ ਦੇ ਮੈਂਬਰ ਮੌਜੂਦ ਸਨ।



