ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਗੰਭੀਰ ਊਰਜਾ ਸੰਕਟ ਵੱਲ ਵੱਧ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਅਸਫਲ ਵਿਦੇਸ਼ ਨੀਤੀ ਕਾਰਨ ਪੈਟਰੋਲੀਅਮ, ਐਲਪੀਜੀ ਅਤੇ ਐਲਐਨਜੀ ਦੇ ਸਟਾਕ ਘੱਟ ਰਹੇ ਹਨ, ਜਿਸਦਾ ਸਿੱਧਾ ਅਸਰ ਪੰਜਾਬ ‘ਤੇ ਪੈ ਰਿਹਾ ਹੈ।
ਵਿਧਾਨ ਸਭਾ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚਕ ਵੱਲੋਂ ਪੇਸ਼ ਨਿੰਦਾ ਮਤੇ ‘ਤੇ ਚਰਚਾ ਦੌਰਾਨ ਸ. ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਸਟਾਕ ਬਾਰੇ ਸਪੱਸ਼ਟ ਅੰਕੜੇ ਜਨਤਕ ਕਰੇ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੇਸ਼ ਕੋਲ ਕਾਫੀ ਪੈਟਰੋਲੀਅਮ ਅਤੇ ਐਲਪੀਜੀ ਹੈ, ਜਦਕਿ ਦੂਜੇ ਪਾਸੇ ਵਪਾਰਕ ਸਪਲਾਈ ਰੋਕੀ ਜਾ ਰਹੀ ਹੈ।
ਸ. ਬੈਂਸ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਨੰਗਲ ਅਤੇ ਬਠਿੰਡਾ ਵਿੱਚ ਸਥਿਤ ਨੈਸ਼ਨਲ ਫਰਟੀਲਾਈਜ਼ਰਸ ਲਿਮਟਿਡ (ਐਨਐਫਐਲ) ਦੇ ਯੂਨਿਟ ਗੈਸ ਦੀ ਕਮੀ ਕਾਰਨ ਲਗਭਗ ਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲਾ ਸਾਉਣੀ ਬਿਜਾਈ ਸੀਜ਼ਨ ਪ੍ਰਭਾਵਿਤ ਹੋ ਸਕਦਾ ਹੈ ਅਤੇ ਕਿਸਾਨਾਂ ਨੂੰ ਯੂਰੀਆ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਨੇ ਸਵਾਲ ਉਠਾਇਆ ਕਿ ਜਦੋਂ ਪੰਜਾਬ ਦੇ ਪਲਾਂਟ ਗੈਸ ਤੋਂ ਵਾਂਝੇ ਹਨ, ਤਾਂ ਪਾਣੀਪਤ ਵਾਲੇ ਐਨਐਫਐਲ ਪਲਾਂਟ ਨੂੰ 100 ਫੀਸਦ ਸਪਲਾਈ ਕਿਵੇਂ ਮਿਲ ਰਹੀ ਹੈ? ਉਨ੍ਹਾਂ ਇਸਨੂੰ ਪੰਜਾਬ ਨਾਲ ਵਿਤਕਰਾ ਕਰਾਰ ਦਿੱਤਾ।
ਸ. ਬੈਂਸ ਨੇ ਚੇਤਾਵਨੀ ਦਿੱਤੀ ਕਿ ਜੇ ਹਾਲਾਤ ਇੰਝ ਹੀ ਰਹੇ ਤਾਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਮੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਖੇਤੀਬਾੜੀ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਹੋਸਟਲਾਂ ਦੀਆਂ ਰਸੋਈਆਂ, ਸੈਰ-ਸਪਾਟਾ ਉਦਯੋਗ ਅਤੇ ਹੋਰ ਸੈਕਟਰ ਵੀ ਪ੍ਰਭਾਵਿਤ ਹੋ ਸਕਦੇ ਹਨ।
ਅੰਤ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲੀਅਮ, ਐਲਪੀਜੀ ਅਤੇ ਐਲਐਨਜੀ ਦੇ ਅਸਲ ਸਟਾਕ ਬਾਰੇ ਸੱਚਾਈ ਜਨਤਾ ਸਾਹਮਣੇ ਰੱਖੀ ਜਾਵੇ ਤਾਂ ਜੋ ਆਉਣ ਵਾਲੇ ਸੰਕਟ ਤੋਂ ਬਚਿਆ ਜਾ ਸਕੇ।



