Home Patiala Updates ਨਾਇਬ ਸਿੰਘ ਸੈਣੀ ਦੇ ਦੌਰੇ ਦੌਰਾਨ ਆਪ ਦਾ ਤਿੱਖਾ ਵਿਰੋਧ, ਕਾਲੀਆਂ ਝੰਡੀਆਂ...

ਨਾਇਬ ਸਿੰਘ ਸੈਣੀ ਦੇ ਦੌਰੇ ਦੌਰਾਨ ਆਪ ਦਾ ਤਿੱਖਾ ਵਿਰੋਧ, ਕਾਲੀਆਂ ਝੰਡੀਆਂ ਨਾਲ ਨਾਰੇਬਾਜ਼ੀ


0
1
ਪਟਿਆਲਾ/ਸਮਾਣਾ: ਆਮ ਆਦਮੀ ਪਾਰਟੀ ਜ਼ਿਲ੍ਹਾ ਪਟਿਆਲਾ ਦੀ ਇਕਾਈ ਵੱਲੋਂ ਅੱਜ ਸਮਾਣਾ ਦੇ ਕਿਸਾਨ ਭਵਨ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦੌਰੇ ਦੌਰਾਨ ਤਿੱਖਾ ਵਿਰੋਧ ਦਰਜ ਕਰਵਾਇਆ ਗਿਆ। ਇਹ ਧਰਨਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾਅਤੇ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਦੀ ਅਗਵਾਈ ਹੇਠ ਕੀਤਾ ਗਿਆ। ਦੋਹਾਂ ਆਗੂਆਂ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਆਪਣਾ ਜ਼ਬਰਦਸਤ ਰੋਸ ਪ੍ਰਗਟਾਇਆ।
ਪ੍ਰਦਰਸ਼ਨ ਦੌਰਾਨ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਲਹਿਰਾਈਆਂ ਗਈਆਂ ਅਤੇ “ਨਾਇਬ ਸਿੰਘ ਸੈਣੀ ਵਾਪਸ ਜਾਓ”, “ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਤੁਰੰਤ ਜਾਰੀ ਕਰੋ” ਅਤੇ “ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 1600 ਕਰੋੜ ਰੁਪਏ ਜਾਰੀ ਕਰੋ” ਵਰਗੇ ਤਿੱਖੇ ਨਾਰਿਆਂ ਨਾਲ ਮਾਹੌਲ ਗੂੰਜ ਉਠਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਸਿਰਫ਼ ਰੋਸ ਪ੍ਰਗਟਾਵਾ ਨਹੀਂ, ਸਗੋਂ ਪੰਜਾਬ ਦੇ ਹੱਕਾਂ ਲਈ ਲੜਾਈ ਦੀ ਸ਼ੁਰੂਆਤ ਹੈ।
ਇਸ ਮੌਕੇ ਤੇਜਿੰਦਰ ਮਹਿਤਾ ਅਤੇ ਚੇਤਨ ਸਿੰਘ ਜੌੜੇਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਨਾਲ ਲਗਾਤਾਰ ਨਾਇਨਸਾਫ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਰੂਰਲ ਡਿਵੈਲਪਮੈਂਟ ਫੰਡ ਨੂੰ ਰੋਕਿਆ ਗਿਆ ਹੈ, ਜਿਸ ਨਾਲ ਸੂਬੇ ਦੇ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ।
ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਵੱਡਾ ਨੁਕਸਾਨ ਹੋਇਆ ਹੈ, ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕੋਈ ਯੋਗ ਮਦਦ ਨਹੀਂ ਦਿੱਤੀ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 1600 ਕਰੋੜ ਰੁਪਏ ਦੀ ਰਕਮ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਰਾਹਤ ਮਿਲ ਸਕੇ।
ਇਸ ਧਰਨੇ ਵਿੱਚ ਹਲਕਾ ਸੰਗਠਨ ਇੰਚਾਰਜ ਗੁਲਜ਼ਾਰ ਸਿੰਘ ਵਿਰਕ, ਹਲਕਾ ਸੰਗਠਨ ਇੰਚਾਰਜ ਸਨੌਰ ਪ੍ਰਦੀਪ ਜੋਸਨ, ਹਲਕਾ ਸੰਗਠਨ ਇੰਚਾਰਜ ਪਟਿਆਲਾ ਕੁੰਦਨ ਗੋਗੀਆ, ਸਿੱਖਿਆ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਤਿਵਾਣਾ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਧਰਮ ਪਾਲ ਨਹਿਰ, ਸ਼ੰਕਰ ਜਿੰਦਲ, ਗੋਪਾਲ ਕ੍ਰਿਸ਼ਨ ਅਤੇ ਟ੍ਰੇਡ ਕਮਿਸ਼ਨ ਸਮਾਣਾ ਦੇ ਚੇਅਰਮੈਨ ਰਾਜੂ ਛਾਬੜਾ ਸਮੇਤ ਕਈ ਹੋਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਅੰਤ ਵਿੱਚ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਹੱਕਾਂ ਨਾਲ ਇਸੇ ਤਰ੍ਹਾਂ ਧੱਕੇਸ਼ਾਹੀ ਜਾਰੀ ਰਹੀ ਅਤੇ ਰਕਮ ਜਲਦ ਜਾਰੀ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਅੰਦੋਲਨ ਕੀਤਾ ਜਾਵੇਗਾ।

NO COMMENTS

LEAVE A REPLY

Please enter your comment!
Please enter your name here